ਹਲਕਾ ਖਡੂਰ ਸਾਹਿਬ ਤੋਂ ਪੰਜਾਬ ਵਿਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਅੱਜ ਸੰਸਦ ‘ਚ ਸਹੁੰ ਚੁੱਕਣਗੇ। ਇਸ ਦੇ ਲਈ ਪੰਜਾਬ ਪੁਲਸ ਅੰਮ੍ਰਿਤਪਾਲ ਨੂੰ ਸਵੇਰੇ 4 ਵਜੇ ਜੇਲ੍ਹ ਤੋਂ ਦਿੱਲੀ ਲਈ ਲੈਕੇ ਰਵਾਨਾ ਹੋ ਗਈ ਹੈ। ਹੁਣ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਏਅਰ ਫੋਰਸ ਦੇ Aircraft ਰਾਹੀਂ ਅਸਾਮ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ।
ਅੰਮ੍ਰਿਤਪਾਲ ਨੂੰ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ਪਰ ਪੁਲਸ ਪ੍ਰਸ਼ਾਸਨ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ ਤੋਂ ਸਿਰਫ ਸਹੁੰ ਚੁੱਕਣ ਲਈ ਹੀ ਲਿਆ ਰਹੀ ਹੈ। ਪੈਰੋਲ ਦੀਆਂ ਸ਼ਰਤਾਂ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਅੰਮ੍ਰਿਤਪਾਲ ਸਿੰਘ ਨੂੰ ਚਾਰ ਦਿਨ ਦੀ ਪੈਰੋਲ ਦਿੱਤੀ ਗਈ ਹੈ।
ਇਸ ਨੂੰ ਲੈਕੇ ਅੰਮ੍ਰਿਤਸਰ ਦੇ ਜਿਲ੍ਹਾ ਮਜਿਸਟਰੇਟ ਵੱਲੋਂ ਡਿਬਰੁਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਅੰਮ੍ਰਿਤਪਾਲ ਦੇ ਅਸਥਾਈ ਰਿਲੀਜ਼ ਆਰਡਰ ਦੀ ਕਾਪੀ ਵੀ ਭੇਜ ਦਿੱਤੀ ਗਈ ਹੈ। ਅੰਮ੍ਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਆਧਾਰ ਉਤੇ ਪੈਰੋਲ ਦਿੱਤੀ ਗਈ ਹੈ।
ਰਿਲੀਜ਼ ਆਰਡਰ ਵਿਚ ਲਿਖੀਆਂ ਸ਼ਰਤਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੌਰਾਨ ਦਿੱਲੀ ਵਿਚ ਹੀ ਰੈਹਣਾ ਪਵੇਗਾ। ਉਨ੍ਹਾਂ ਦਾ ਯਾਤਰੀ ਸਟਾਪਓਵਰ ਵੀ ਦਿੱਲੀ ਵਿੱਚ ਹੀ ਹੋਵੇਗਾ। ਇਸ ਸਮੇਂ ਦੌਰਾਨ ਉਹ ਰਈਆ ਸਥਿਤ ਆਪਣੇ ਘਰ ਨਹੀਂ ਜਾ ਸਕਦੇ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਦੇ ਹਨ।
ਪੈਰੋਲ ਦੌਰਾਨ ਵੀ ਅੰਮ੍ਰਿਤਪਾਲ ਸਿੰਘ ਨੂੰ ਸੁਰੱਖਿਆ ਘੇਰੇ ਵਿੱਚ ਰਹਿਣਾ ਪਵੇਗਾ। ਅੰਮ੍ਰਿਤਪਾਲ ਨੂੰ ਪੈਰੋਲ ਤਾਂ 4 ਦਿਨਾਂ ਦੀ ਦਿੱਤੀ ਗਈ ਹੈ ਪਰ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਹਲਫ਼ ਲੈਂਦੀਆਂ ਹੀ ਨਾਲ ਦੀ ਨਾਲ ਡਿਬਰੁਗੜ੍ਹ ਜੇਲ੍ਹ ਵਾਪਿਸ ਲੈਕੇ ਜਾਇਆ ਜਾ ਸਕਦਾ ਹੈ।
ਉਨ੍ਹਾਂ ਦਾ ਆਉਣ-ਜਾਣ, ਸੁਰੱਖਿਆ ਅਤੇ ਹੋਰ ਸਭ ਦਾ ਖਰਚਾ ਪੰਜਾਬ ਪੁਲਸ ਨੇ ਚੁੱਕਣਾ ਹੈ। ਸਹੁੰ ਲੈਣ ਤੋਂ ਬਾਅਦ ਉਨ੍ਹਾਂ ਦਾ ਦਿੱਲੀ ਰੁਕਣ ਦਾ ਕੋਈ ਖਾਸ ਕਾਰਨ ਵੀ ਨਜ਼ਰ ਨਹੀਂ ਆਉਂਦਾ ਇਸ ਲਈ 4 ਦਿਨ ਦੀ ਪੈਰੋਲ ਵਿਚ ਅੱਜ ਹੀ ਉਨ੍ਹਾਂ ਨੂੰ ਵਾਪਸ ਡਿਬਰੁਗੜ੍ਹ ਜੇਲ੍ਹ ਲੈ ਜਾਇਆ ਜਾ ਸਕਦਾ ਹੈ।