63.68 F
New York, US
September 8, 2024
PreetNama
ਰਾਜਨੀਤੀ/Politics

ਦਿੱਲੀ ਮੋਰਚੇ ‘ਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ, ਬੁੱਧੀਜੀਵੀਆਂ ਨੂੰ ਰਿਹਾਅ ਕਰਨ ‘ਤੇ ਕਾਲੇ ਕਾਨੂੰਨ ਰੱਦ ਕਰਨ ਲਈ ਕੀਤੀ ਗਈ ਆਵਾਜ਼ ਬੁਲੰਦ

ਕਿਸਾਨ ਸੰਘਰਸ਼ ਦੇ ਜੇਤੂ ਜਸ਼ਨਾਂ ਦਰਮਿਆਨ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਦਿੱਲੀ ਮੋਰਚੇ ‘ਚ ਅੱਜ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਗਿਆ। ਕਿਸਾਨਾਂ ਨੇ ਦੇਸ਼ ਭਰ ਦੇ ਜਮਹੂਰੀ ਹੱਕਾਂ ਦੇ ਘੁਲਾਟੀਆਂ ਦੀ ਲਹਿਰ ਨਾਲ ਇਕਜੁੱਟਤਾ ਪ੍ਰਗਟਾਈ ਅਤੇ ਜੇਲ੍ਹੀਂ ਡੱਕੇ ਹੋਏ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਦੇਸ਼ ਅੰਦਰ ਲੋਕਾਂ ‘ਤੇ ਮੜ੍ਹੇ ਹੋਏ ਜਮਹੂਰੀ ਹੱਕਾਂ ਦਾ ਦਮਨ ਕਰਨ ਵਾਲੇ ਜਾਬਰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਜ਼ੋਰ ਨਾਲ ਉਠਾਈ ਗਈ। ਕਿਸਾਨ ਸੰਘਰਸ਼ ਦੀ ਜਿੱਤ ਅੰਦਰ ਦੇਸ਼ ਦੇ ਬੁੱਧੀਜੀਵੀਆਂ ਤੇ ਜਮਹੂਰੀ ਲਹਿਰ ਦੇ ਕਾਰਕੁਨਾਂ ਵੱਲੋਂ ਪਾਏ ਹਿੱਸੇ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ।

ਟਿਕਰੀ ਬਾਰਡਰ ‘ਤੇ ਪਕੌੜਾ ਚੌਂਕ ‘ਚ ਜੁੜੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੀਕੇਯੂ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਹਕੂਮਤ ਦੇਸ਼ ਭਰ ਅੰਦਰ ਫਿਰਕੂ ਫਾਸ਼ੀ ਲਾਮਬੰਦੀਆਂ ਅਤੇ ਜਾਬਰ ਕਾਨੂੰਨਾਂ ਰਾਹੀਂ ਲੋਕਾਂ ਦੀਆਂ ਹੱਕੀ ਆਵਾਜ਼ਾਂ ਨੂੰ ਕੁਚਲਦੀ ਆ ਰਹੀ ਹੈ। ਦੇਸ਼ ਦੇ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ‘ਤੇ ਯੂ ਏ ਪੀ ਏ ਤੇ ਦੇਸ਼ ਧ੍ਰੋਹ ਵਰਗੇ ਕਾਲੇ ਕਾਨੂੰਨ ਮੜ੍ਹ ਕੇ ਉਨ੍ਹਾਂ ਨੂੰ ਜੇਲ੍ਹਾਂ ‘ਚ ਸੁੱਟਿਆ ਹੋਇਆ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੀ ਕਲਮ,ਕਲਾ ਤੇ ਬੌਧਿਕ ਸਮਰੱਥਾ ਨੂੰ ਲੋਕਾਂ ਲਈ ਜੁਟਾਇਆ ਹੈ ਤੇ ਹਮੇਸ਼ਾਂ ਰਾਜ ਦੀਆਂ ਦਮਨਕਾਰੀ ‘ਤੇ ਲੁਟੇਰੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਲੋਕਾਂ ਦੇ ਹੱਕ ‘ਚ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਅਫਸਪਾ ਵਰਗੇ ਜਾਬਰ ਕਾਨੂੰਨ ਮੜ੍ਹਕੇ ਲੋਕਾਂ ਦੀ ਆਵਾਜ਼ ਦਬਾਈ ਜਾਂਦੀ ਹੈ। ਨਾਗਾਲੈਂਡ ਅੰਦਰ ਲੋਕਾਂ ਦਾ ਕੀਤਾ ਗਿਆ ਕਤਲੇਆਮ ਅਜਿਹੇ ਕਾਨੂੰਨ ਤਹਿਤ ਫੌਜ ਨੂੰ ਮਿਲੇ ਬੇਸ਼ੁਮਾਰ ਜਾਬਰ ਅਖ਼ਤਿਆਰਾਂ ਦਾ ਸਿੱਟਾ ਹੈ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਯੂਏਪੀਏ, ਅਫਸਪਾ ਤੇ ਦੇਸ਼ ਧ੍ਰੋਹ ਵਰਗੇ ਜਾਬਰ ਕਾਨੂੰਨ ਖ਼ਤਮ ਕੀਤੇ ਜਾਣ।

ਇਸ ਮੌਕੇ ਜਮਹੂਰੀ ਹੱਕਾਂ ਦੀ ਕਾਰਕੁੰਨ ਡਾ: ਨਵਸ਼ਰਨ ਨੇ ਕਿਸਾਨ ਸੰਘਰਸ਼ ਨਾਲ ਇਕਜੁੱਟਤਾ ਜਤਾਉਂਦਿਆਂ ਮਨੁੱਖੀ ਅਧਿਕਾਰ ਦਿਹਾੜੇ ਦੇ ਮਹੱਤਵ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਦੀ ਰਿਹਾਈ ਲਈ ਆਵਾਜ਼ ਉਠਾਉਣ ਖਾਤਰ ਕਿਸਾਨ ਸੰਘਰਸ਼ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਜਮਹੂਰੀ ਹੱਕਾਂ ਦੀ ਲਹਿਰ ਤੇ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਦੀ ਸਾਂਝ ਨੂੰ ਹੋਰ ਪਕੇਰੀ ਕਰਨ ਦਾ ਸੱਦਾ ਵੀ ਦਿੱਤਾ। ਜੇਲ੍ਹ ਅੰਦਰ ਡੱਕੇ ਹੋਏ ਜਮਹੂਰੀ ਹੱਕਾਂ ਦੇ ਕਾਰਕੁਨ ਗੌਤਮ ਨਵਲੱਖਾ ਦੀ ਸਾਥਣ ਅਤੇ ਲੇਖਿਕਾ ਸਾਹਿਬਾ ਹੁਸੈਨ ਨੇ ਜੇਲ੍ਹ ਅੰਦਰੋਂ ਭੇਜਿਆ ਗੌਤਮ ਨਵਲੱਖਾ ਦਾ ਸੰਦੇਸ਼ ਲੋਕਾਂ ਨਾਲ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੀ ਨਵਲੱਖਾ ਨੇ ਜੂਝਦੇ ਕਿਸਾਨਾਂ ਨੂੰ ਸਲਾਮ ਕਹੀ ਹੈ ਅਤੇ ਕਿਸਾਨਾਂ ਨਾਲ ਆਪਣੇ ਰਿਸ਼ਤੇ ਨੂੰ ਹਰ ਦਿਨ ਮਹਿਸੂਸ ਕਰਨ ਦੀ ਭਾਵਨਾ ਪ੍ਰਗਟ ਕੀਤੀ ਹੈ। ਦਿੱਲੀ ਪੱਤਰਕਾਰ ਯੂਨੀਅਨ ਦੇ ਜਨਰਲ ਸਕੱਤਰ ਸ਼੍ਰੀ ਜੀਗੇਸ਼ ਨੇ ਵੀ ਕਿਸਾਨਾਂ ਨੂੰ ਜਿੱਤ ਲਈ ਵਧਾਈ ਦਿੱਤੀ, ਲੋਕ ਪੱਖੀ ਪੱਤਰਕਾਰਤਾ ਤੇ ਲੋਕ ਸੰਘਰਸ਼ਾਂ ਦੀ ਸਾਂਝ ਨੂੰ ਉਘਾੜਿਆ। ਇਸ ਮੌਕੇ ਜਮਹੂਰੀ ਹੱਕਾਂ ਦੀ ਲਹਿਰ ਦੇ ਹੋਰ ਕਈ ਕਾਰਕੁਨ ਵੀ ਹਾਜ਼ਰ ਸਨ।

Related posts

ਰਾਹੁਲ ਗਾਂਧੀ ਨੇ ਲਖੀਮਪੁਰ ਮਾਮਲੇ ਦੀ SIT ਰਿਪੋਰਟ ‘ਤੇ ਲੋਕਸਭਾ ‘ਚ ਦਿੱਤਾ ਨੋਟਿਸ, ਅਜੇ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਮੰਗ

On Punjab

ਕੇਜਰੀਵਾਲ ਨੇ ਪਤਨੀ ਸੁਨੀਤਾ ਨੂੰ ਜਨਮ ਦਿਨ ‘ਤੇ ਦਿੱਤਾ ਸ਼ਾਨਦਾਰ ਤੋਹਫਾ

On Punjab

ਕੋਟਕਪੂਰਾ ਗੋਲ਼ੀਕਾਂਡ : ਸੈਣੀ ਤੇ ਸ਼ਰਮਾ ਦਾ ਨਾਰਕੋ ਟੈਸਟ ਕਰਵਾਉਣ ਤੋਂ ਇਨਕਾਰ, ਉਮਰਾਨੰਗਲ ਰਾਜ਼ੀ

On Punjab