Congress Release Star Campaigners List: ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2020 ਸਬੰਧੀ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਕਾਂਗਰਸ ਨੇ ਕਮਰ ਕੱਸ ਲਈ ਹੈ । ਇਸ ਸਬੰਧੀ ਕਾਂਗਰਸ ਪਾਰਟੀ ਵੱਲੋਂ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ । ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਸ਼ੀ ਥਰੂਰ, ਨਵਜੋਤ ਸਿੰਘ ਸਿੱਧੂ, ਸ਼ਤਰੂਘਨ ਸਿਨਹਾ ਆਦਿ ਸ਼ਾਮਿਲ ਹਨ ।
ਇਸ ਤੋਂ ਇਲਾਵਾ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ਾਮਿਲ ਕੀਤਾ ਗਿਆ ਹੈ । ਇਸ ਲਿਸਟ ਵਿੱਚ ਸਿੱਧੂ ਦਾ ਨਾਮ ਸ਼ਾਮਿਲ ਹੋਣਾ ਇਸ ਲਈ ਹੈਰਾਨੀ ਭਰਿਆ ਹੈ, ਕਿਉਂਕਿ ਉਹ ਕਾਫੀ ਸਮੇਂ ਤੋਂ ਸਰਗਰਮ ਨਹੀਂ ਹਨ । ਇਸ ਲਿਸਟ ਵਿੱਚ ਸਭ ਤੋਂ ਉੱਪਰ ਸੋਨੀਆ ਗਾਂਧੀ ਦਾ ਨਾਂ ਹੈ ਅਤੇ ਫਿਰ ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਦਾ ਨਾਂ ਹੈ ।
ਇਸ ਲਿਸਟ ਦੇ 22 ਨੰਬਰ ’ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਿਲ ਹੈ । ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਗ਼ੁਲਾਮ ਨਬੀ ਆਜ਼ਾਦ, ਸ਼ਸ਼ੀ ਥਰੂਰ, ਪੀ.ਸੀ. ਚਾਕੋ ਜਿਹੇ ਆਗੂਆਂ ਦੇ ਨਾਂਅ ਵੀ ਸ਼ਾਮਿਲ ਕੀਤੇ ਗਏ ਹਨ ।
ਇਸ ਸੂਚੀ ਵਿੱਚ ਕੁੱਲ 40 ਪ੍ਰਮੁੱਖ ਕਾਂਗਰਸੀ ਆਗੂਆਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੀਰਾ ਕੁਮਾਰ, ਕਪਿਲ ਸਿੱਬਲ, ਰਾਜ ਬੱਬਰ, ਹਰੀਸ਼ ਰਾਵਤ, ਭੁਪਿੰਦਰ ਸਿੰਘ ਹੁੱਡਾ, ਜਿਓਤਿਰਦਿੱਤਿਆ ਸਿੰਧੀਆ, ਸਚਿਨ ਪਾਇਲਟ ਦੇ ਨਾਮ ਵੀ ਸ਼ਾਮਿਲ ਹਨ । ਦੱਸ ਦੇਈਏ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ 8 ਫਰਵਰੀ 2020 ਨੂੰ ਹੋਣੀਆਂ ਹਨ ਅਤੇ ਇਨ੍ਹਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ । ਇਨ੍ਹਾਂ ਚੋਣਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੀਜੀ ਵਾਰ ਚੋਣ ਮੈਦਾਨ ਵਿੱਚ ਉਤਰਨਗੇ ।