PreetNama
ਖਬਰਾਂ/News

ਦਿੱਲੀ ਸਰਕਾਰ ਦੇ ਕੋਰੋਨਾ ਪ੍ਰਤੀ ਦਾਅਵਿਆਂ ਦੀ ਖੁੱਲ੍ਹੀ ਪੋਲ, ਕੋਵਿਡ 19 ਕਾਰਨ ਗਈ ਇੱਕ ਮਾਸੂਮ ਦੀ ਜਾਨ


ਨਵੀਂ ਦਿੱਲੀ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੇ ਮਹਾਮਾਰੀ ਫੈਲਾ ਕੇ ਰੱਖੀ ਹੋਈ ਹੈ। ਭਾਰਤ ਵਿਚ ਜਿਥੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕੋਵਿਡ 19 ‘ਤੇ ਕਾਬੂ ਪਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਵੀ ਅਜਿਹੇ ਖੋਖਲੇ ਦਾਅਵਿਆਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਪਰ ਹੋ ਬਿਲਕੁੱਲ ਇਸ ਦੇ ਉਲਟ ਰਿਹਾ ਹੈ। ਦਿੱਲੀ ਵਾਸੀ ਗੁਰਦੀਪ ਸਿੰਘ ਜੋ ਕਿ ਪਿਛਲੇ ਦਿਨੀਂ ਦਿੱਲੀ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਕੋਰੋਨਾ ਵਾਇਰਸ ਦੇ ਇਲਾਜ ਅਧੀਨ ਭਟਕਦਾ ਰਿਹਾ, ਪਰ ਕਿਸੇ ਵੀ ਹਸਪਤਾਲ ਨੇ ਉਸ ਨੂੰ ਇਲਾਜ ਦੀ ਸਹੂਲਤ ਨਹੀਂ ਦਿੱਤੀ। ਇਸ ਸਬੰਧੀ ਕਰਤਾਰ ਸਿੰਘ ਜੀ ਜੋ ਇਸ ਵਕਤ ਯੂ ਐਸ਼ ਏ ਹਨ ਜਿਨਾ ਦਾ ਸਪੁੱਤਰ ਗੁਰਦੀਪ ਸਿੰਘ ਜੇੜਾ ਪਿਛਲੀ 5 ਤਰੀਕ ਨੂੰ ਲਾਇਲਾਜ ਬੀਮਾਰੀ ਕੋਰੋਨਾ ਕਾਰਣ ਮੋਤ ਹੋ ਗਈ ਸੀ ਉਸ ਪਰਿਵਾਰ ਨਾਲ ਆਪ ਬੀਤੀ ਦੱਸੀ।
ਜੂਨ ਦੀ 4 ਤਾਰੀਖ ਚੜ੍ਹ ਗਈ । ਸਵੇਰ ਹੋ ਗਈ । ਪਰਿਵਾਰਕ ਮੈਂਬਰਾਂ ਨੂੰ ਕਿਤੇ ਕਰੋਨਾਵਾਇਰਸ ਨਾ ਹੋਵੇ ਦਾ ਡਰ ਲਗਾ ਤੇ ਉਨ੍ਹਾਂ ਨੇ ਸਵੇਰੇ ਐਮਰਜੈਂਸੀ ਦਾ 100 ਨੰਬਰ ਡਾਇਲ ਕਰਕੇ ਉਨ੍ਹਾਂ ਨੂੰ ਬੁਲਾਣ ਦੀ ਕੋਸ਼ਿਸ਼ ਕੀਤੀ । ਅਗੋਂ ਜੁਆਬ ਮਿਲੇ ਕਿ ਹੁਣੇ ੧੫ ਮਿੰਟਾਂ ਤਕ ਆਏ, ਕਦੇ ਕਹਿਣ ਅਧੇ ਘੰਟੇ ਤਕ ਪਹੁੰਚ ਰਹੇ ਹਾਂ ਤੇ ਕਦੇ ਦਸਣ ਕਿ ਹਾਲੇ ਕੁਝ ਹੋਰ ਦੇਰ ਲਗੇਗੀ । ਮੁਕਦੀ ਗਲ ਐਮਰਜੈਂਸੀ ਵਾਲੀ ਗਡੀ ਨੇ ਸਾਰਾ ਦਿਨ ਇਸੇਤਰ੍ਹਾਂ ਲੰਘਾ ਦਿਤਾ ਤੇ ਆਖ਼ਰ ਸ਼ਾਮ ਦੇ 5 ਵਜੇ ਤੋੜ ਕੇ ਦੋ ਟੁਕ ਜੁਆਬ ਦੇ ਦਿਤਾ ਕਿ ਉਹ ਨਹੀਂ ਆ ਸਕਦੇ । ਨਾਲੇ ਇਹ ਵੀ ਕਹਿ ਦਿਤਾ ਕਿ ਉਨ੍ਹਾਂ ਦੀ ਗਡੀ ਵਿਚ ਆਕਸੀਜਨ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ । ਹਾਰ ਹੁਟ ਕੇ ਨਿਰਾਸ਼ਾ ਦੇ ਆਲਮ ਵਿਚੋਂ ਗੁਰਦੀਪ ਸਿੰਘ ਦੇ ਚਾਚੇ ਅਵਤਾਰ ਸਿੰਘ ਤੇ ਜੀਜੇ ਗੁਰਦੀਪ ਸਿੰਘ ਨੇ ਸ਼ਾਮ ਦੇ ੬ ਵਜੇ ਤੋਂ ਦੌੜ ਭੱਜ ਕਰਨੀ ਸ਼ੁਰੂ ਕਰ ਦਿਤੀ । ਸਭ ਤੋਂ ਪਹਿਲਾਂ ਉਹ ਗੁਰਦੀਪ ਨੂੰ ਗਲੋਬਲ ਹਸਪਤਾਲ ਲੈ ਗਏ । ਉਨ੍ਹਾਂ ਨੇ ਪੀੜਤ ਨੂੰ ਦਾਖ਼ਲ ਨਹੀਂ ਕੀਤਾ ਤੇ ਕੋਰਾ ਜੁਆਬ ਦੇ ਦਿਤਾ । ਫੇਰ ਉਹ ਉਸਨੂੰ ਸਹਿਗਲ ਨਾਮ ਦੇ ਇਕ ਪਰਾਈਵੇਟ ਹਸਪਤਾਲ ਵਿਚ ਲੈ ਗਏ, ਜਿਥੇ ਉਨ੍ਹਾਂ ਨੇ ਗੁਰਦੀਪ ਨੂੰ ਡੇਢ ਘੰਟਾ ਕੋਲ ਰੱਖ ਕੇ ਜੁਆਬ ਦੇ ਦਿਤਾ ਕਿ ਉਨ੍ਹਾਂ ਕੋਲ ਇਸ ਮਰੀਜ਼ ਨੂੰ ਰਖਣ ਵਾਸਤੇ ਕੋਈ ਬਿਸਤਰਾ ਨਹੀਂ ਹੈ । ਇਸ ਲਈ ਉਹ ਉਸਨੂੰ ਕਿਸੇ ਸਰਕਾਰੀ ਹਸਪਤਾਲ ਵਿਚ ਲੈ ਜਾਣ । ਪੀੜਤ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਂਦਾ ਗੁਰਦੀਪ ਨੂੰ ਗੁਰੂ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਲੈ ਗਿਆ, ਪਰ ਉਨ੍ਹਾਂ ਨੇ ਵੀ ਅਗੋਂ ਕੋਈ ਦਮ ਨਾ ਭਰਿਆ, ਸਗੋਂ ਤੋੜ ਕੇ ਜੁਆਬ ਦੇ ਦਿਤਾ।
ਇਹ ਦੁਖੀ ਪਰਿਵਾਰ ਅਧੀ ਰਾਤ ਤਕ ਭਟਕਦਾ ਭਟਕਦਾ ਇਕ ਹਸਪਤਾਲ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਜਾਈ ਗਿਆ, ਤਰਲੇ ਮਿੰਨਤਾਂ ਕਰੀ ਗਿਆ, ਪਰ ਕਿਸੇ ਵੀ ਹਸਪਤਾਲ ਵਾਲੇ ਨੇ ਉਨ੍ਹਾਂ ਦੀ ਬਾਂਹ ਨਾ ਫੜੀ । ਗੁਰੂ ਗੋਬਿੰਦ ਸਿੰਘ ਹਸਪਤਾਲ ਤੋਂ ਨਿਰਾਸ਼ ਹੋ ਕੇ ਉਹ ਦਿਲੀ ਦੇ ਇਕ ਨਾਮਵਰ ਰਾਮ ਮਨੋਹਰ ਲੋਹੀਆ ਹਸਪਤਾਲ ਵਲ ਰਵਾਨਾ ਹੋ ਗਏ, ਪਰ ਉਨ੍ਹਾਂ ਨੇ ਕਿਹੜਾ ਆਸਰਾ ਦੇਣਾ ਸੀ । ਉਨ੍ਹਾਂ ਨੇ ਵੀ ਆਪਣੇ ਦੂਜੇ ਭਰਾਵਾਂ ਵਾਂਗ ਗੁਰਦੀਪ ਨੂੰ ਠੁੱਠ ਵਿਖਾ ਕੇ ਮਰੀਜ਼ ਦੀ ਮਾਯੂਸੀ ਵਿਚ ਹੋਰ ਵਾਧਾ ਕਰ ਦਿਤਾ । ਦਰ ਦਰ ਦੀਆਂ ਠੋਕਰਾਂ ਖਾਂਦੇ, ਫੇਰ ਉਹ ਗੁਰਦੀਪ ਨੂੰ ਐਲ.ਪੀ.ਜੀ. ਸਰਕਾਰੀ ਹਸਪਤਾਲ ਲੈ ਗਏ । ਉਨ੍ਹਾਂ ਪਥਰ ਦਿਲਾਂ ਵਿਚ ਵੀ ਕੋਈ ਰਹਿਮ ਨਾਮ ਦੀ ਥਾਂ ਨਹੀਂ ਸੀ, ਉਨ੍ਹਾਂ ਨੇ ਵੀ ਕੋਰੀ ਨਾਂਹ ਕਰ ਦਿਤੀ ਕਿ ਉਨ੍ਹਾਂ ਪਾਸ ਕੋਈ ਬਿਸਤਰਾ ਨਹੀਂ ਹੈ । ਉਥੋਂ ਨਿਰਾਸ਼ ਤੁਰੇ ਉਹ ਸਫ਼ਦਰਜੰਗ ਦੇ ਸਰਕਾਰੀ ਹਸਪਤਾਲ ਵਲ ਚਲੇ ਗਏ, ਜਿਥੇ ਆਖਰ ਗੁਰਦੀਪ ਦੀ ਛਾਤੀ ਦਾ ਐਕਸਰੇ ਤਾਂ ਲੈ ਲਿਆ ਗਿਆ, ਪਰ ਦਾਖ਼ਲ ਨਾ ਕੀਤਾ ਗਿਆ ਤੇ ਬੇਰੰਗ ਅੱਗੇ ਤੋਰ ਦਿਤਾ ਗਿਆ ।
ਇਸਤੋਂ ਬਾਅਦ ਗੁਰਦੀਪ ਦਾ ਪਰਿਵਾਰ ਉਸਨੂੰ ਅਮਰ ਲੀਲਾ ਨਾਮ ਦੇ ਇਕ ਹੋਰ ਪਰਾਈਵੇਟ ਹਸਪਤਾਲ ਵਿਚ ਲੈ ਗਿਆ । ਉਸ ਬੇਰਹਿਮ ਹਸਪਤਾਲ ਵਾਲਿਆਂ ਨੇ ਅੰਦਰੋਂ ਦਰਵਾਜ਼ਾ ਹੀ ਨਾ ਖੋਲ੍ਹਿਆ । ਹੁਣ ਵਕਤ ਹਥੋਂ ਖਿਸਕਦਾ ਜਾ ਰਿਹਾ ਸੀ । ਮਰੀਜ਼ ਦੀ ਹਾਲਤ ਵੀ ਹਰ ਘੜੀ ਤੇ ਹਰ ਪਲ ਹੋਰ ਹੋਰ ਵਿਗੜਦੀ ਜਾ ਰਹੀ ਸੀ । ਘਬਰਾਹਟ ਵਿਚ ਵਾਧਾ ਹੋ ਰਿਹਾ ਸੀ । ਪਰੇਸ਼ਾਨੀ ਵਿਚ ਦਿਲ ਦੀ ਧੜਕਣ ਵੀ ਤੇਜ਼ ਹੋ ਰਹੀ ਸੀ । ਪਰ ਇਸ ਨਾਲ ਹਕੂਮਤਾਂ ਨੂੰ ਕੀ? ਇਸ ਨਾਲ ਹਸਪਤਾਲ ਦੇ ਡਾਕਟਰਾਂ ਨੂੰ ਕੀ? ਇਸ ਨਾਲ ਹਸਪਤਾਲਾਂ ਨੂੰ ਚਲਾਉਣ ਵਾਲੇ ਵਪਾਰੀਆਂ ਨੂੰ ਕੀ? ਉਨ੍ਹਾਂ ਨੇ ਤਾਂ ਪੈਸਾ ਕਮਾਣ ਲਈ ਹਸਪਤਾਲ ਖੋਲ੍ਹੇ ਹੋਏ ਹਨ । ਉਹ ਕੋਈ ਖ਼ੈਰਾਇਤੀ ਹਸਪਤਾਲ ਥੋੜੇ ਸਨ, ਜੋ ਕਿਸੇ ਵਲੋਂ ਦਾਨ ਪੁੰਨ ਨਾਲ ਚਲਾਏ ਜਾ ਰਹੇ ਸਨ । ਲਾਚਾਰ ਪਰਿਵਾਰ ਆਖ਼ਰ ਗੁਰਦੀਪ ਨੂੰ ਇਕ ਹੋਰ ਪਰਾਈਵੇਟ ਹਸਪਤਾਲ ਵਿਚ ਲੈ ਗਿਆ । ਹਸਪਤਾਲ ਦਾ ਨਾਮ ਹੈ ਬਾਲਾ ਜੀ ਹਸਪਤਾਲ । ਪੈਸੇ ਦੇ ਲਾਲਚੀ ਹਸਪਤਾਲ ਵਾਲੇ ੧੨ ਲੱਖ ਰੁਪਏ ਦੇ ਪੈਕੇਜ ਵਾਲੀ ਗਲ ਮਰੀਜ਼ ਅੱਗੇ ਰੱਖ ਰਹੇ ਸਨ ਕਿ ਜੇ ਤੁਸੀਂ ੧੨ ਲੱਖ ਰੁਪਈਆ ਦੇ ਸਕਦੇ ਹੋ, ਤਾਂ ਅਗਲੀ ਕਾਰਰਵਾਈ ਸ਼ੁਰੂ ਹੋ ਸਕਦੀ ਹੈ, ਨਹੀਂ ਤਾਂ………… । ਨਹੀਂ ਤਾਂ ਕੀ? ਮਰੀਜ਼ ਕੋਲ ਤਾਂ ਹੁਣ ਸਮਾਂ ਬਚਿਆ ਹੀ ਨਹੀਂ ਸੀ । ਉਹ ਤਾਂ ਸਾਰੀ ਰਾਤ ੧੦ ਘੰਟਿਆਂ ਤੱਕ ਦਿਲੀ ਦੀਆਂ ਸੜਕਾਂ ਕਛਦਾ ਫਿਰਦਾ ਰਿਹਾ । ਉਹ ਕਿਹੜਾ ਘਰੋਂ ਏਡੀ ਵਡੀ ਰਕਮ ਖੀਸੇ ਵਿਚ ਪਾ ਕੇ ਤੁਰਿਆ ਸੀ । ਹੁਣ ਤਾਂ ਉਸਦੀ ਬਸ ਹੋ ਚੁਕੀ ਸੀ । ਉਸਦਾ ਵਕਤ ਤਾਂ ਉਦੋਂ ਤੱਕ ਪੁੱਗ ਚੁੱਕ ਸੀ । ਉਹ ਬਾਲਾ ਜੀ ਹਸਪਤਾਲ ਦੇ ਬਾਹਰਵਾਰ ਹੀ ਦੱਮ ਤੋੜ ਗਿਆ । ਪਲਾਂ ਵਿਚ ਹੀ ਉਸਦੀ ਰੂਹ ਪੰਖੇਰੂ ਹੋ ਗਈ । ਨਿਰਮੋਹੇ ਹਸਪਤਾਲ ਵਾਲਿਆਂ ਨੇ ਮਰੀਜ਼ ਦੇ ਪਰਿਵਾਰ ਨੂੰ ਉਥੋਂ ਤੁਰਤ ਆਪਣੇ ਘਰ ਵਾਪਸ ਚਲੇ ਜਾਣ ਨੂੰ ਕਹਿ ਦਿਤਾ ਕਿ ਕਿਤੇ ਗੁਰਦੀਪ ਦੀ ਲਾਸ਼ ਉਨ੍ਹਾਂ ਦੇ ਲੇਖੇ ਨਾ ਲਗ ਜਾਵੇ। ਨਾ ਤਾਂ ਗੁਰਦੀਪ ਦਾ ਪੋਸਟ ਮਾਰਟਮ ਹੋਇਆ ਅਤੇ ਨਾ ਹੀ ਪਰਿਵਾਰ ਨੂੰ ਇਹ ਦਸਿਆ ਗਿਆ ਕਿ ਉਸਦੀ ਮੌਤ ਕਿਹੜੀ ਬੀਮਾਰੀ ਕਾਰਨ ਹੋਈ ਹੈ । ਹੁਣ ਇਥੇ ਇਹ ਸੁਆਲ ਪੈਦਾ ਹੁੰਦਾ ਹੈ ਕਿ ਜੇ ਗੁਰਦੀਪ ਕਰੋਨਾ ਦਾ ਸ਼ਿਕਾਰ ਸੀ, ਤਾਂ ਕੀ ਉਸਦੀ ਲਾਸ਼ ਨੂੰ ਘਰ ਲਿਜਾਣ ਲਈ ਕਿਹਾ ਜਾਣਾ ਚਾਹੀਦਾ ਸੀ ਜਾਂ ਉਥੋਂ ਪੂਰੀ ਇਹਤਿਆਤ ਵਰਤ ਕੇ ਸਿਧੇ ਸ਼ਮਸ਼ਾਨਘਾਟ ਜਾਣ ਲਈ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ?
ਖ਼ੈਰ, ਰੋਂਦਾ ਕੁਰਲਾਂਦਾ ਪਰਿਵਾਰ ਆਪਣੇ ਜੀਉਂਦੇ ਜਾਗਦੇ ਗੁਰਦੀਪ ਨੂੰ ੪ ਜੂਨ ਦੀ ਸ਼ਾਮ ਨੂੰ ੬ ਵਜੇ ਤੋਂ ਲੈ ਕੇ ਅਗਲੇ ਦਿਨ ੫ ਜੂਨ ਦੇ 4 ਵਜੇ ਦੀ ਸਵੇਰ ਤੱਕ ਪੂਰੇ 10 ਘੰਟੇ ਦਿਲੀ ਦੀਆਂ ਸੜਕਾਂ ਉਤੇ ਉਸਦੀ ਜ਼ਿੰਦਗੀ ਦੀ ਦੁਹਾਈ ਦਿੰਦਾ ਹੋਇਆ ਆਖ਼ਰ ਉਸਦੀ ਲਾਸ਼ ਨੂੰ ਲੈ ਕੇ ਘਰ ਵਾਪਸ ਪਰਤਦਾ ਹੈ । ਗੁਰਦੀਪ ਦੀ ਦੇਹ ਨੂੰ ਘਰ ਲੈ ਕੇ ਆਇਆਂ ਹਾਲੇ ਕੁਝ ਘੰਟੇ ਹੀ ਬੀਤੇ ਸਨ ਕਿ ਅਚਾਨਕ ਅਮਿਤ ਸ਼ਾਹ ਦੀ ਪੁਲੀਸ ਉਨ੍ਹਾਂ ਦੇ ਘਰ ਪਹੁੰਚ ਕੇ ਮ੍ਰਿਤਕ ਦਾ ਤੁਰਤ ਸਸਕਾਰ ਕਰਨ ਦਾ ਫੁਰਮਾਨ ਜਾਰੀ ਕਰ ਦਿੰਦੀ ਹੈ । ਇਹ ਹਾਲ ਹੈ ਭਾਰਤ ਦੀਆਂ ਸਰਕਾਰਾਂ ਦਾ, ਜਿਨ੍ਹਾਂ ਦੇ ਕਾਗਜ਼ੀ ਬਿਆਨਾਂ ਤੇ ਹਕੀਕਤਾਂ ਵਿਚ ਚਾਨਣ ਤੇ ਹਨੇਰੇ ਜਿੰਨਾ ਫ਼ਰਕ ਹੈ ।
ਗੁਰਦੀਪ ਸਿੰਘ ਦੇ 4 ਬਚੇ ਹਨ, 3 ਲੜਕੀਆਂ ਤੇ ਇਕ ਲੜਕਾ । ਲੜਕੀਆਂ ਦੀ ਉਮਰ 17, 16 ਤੇ 11 ਸਾਲ ਹੈ ਜਦ ਕਿ ਬੇਟਾ ੫ ਸਾਲ ਦਾ ਹੈ । ਪਰਿਵਾਰ ਉਤੇ ਅਚਾਨਕ ਪਹਾੜ ਆਣ ਡਿਗਾ ਹੈ । ਕਾਸ਼! ਗੁਰਜੀਤ ਕਿਸੇ ਸਿਆਸੀ ਨੇਤਾ ਦਾ ਮੁੰਡਾ ਹੁੰਦਾ, ਤਾਂ ਇਹ ਹਸਪਤਾਲਾਂ ਵਾਲੇ, ਇਹ ਡਾਕਟਰ, ਪਰਾਈਵੇਟ ਹਸਪਤਾਲਾਂ ਨੂੰ ਚਲਾਉਣ ਵਾਲੇ ਵਿਉਪਾਰੀ ਇੰਞ ਨਾ ਕਰਦੇ । ਉਹ ਵੈਂਟੀਲੇਟਰ, ਐਕਸਰੇ ਦੀਆਂ ਮਸ਼ੀਨਾਂ ਤੇ ਹੋਰ ਲੁੜੀਂਦੇ ਸਾਜ਼ੋ ਸਾਮਾਨ ਲੈ ਕੇ ਗੁਰਜੀਤ ਦੇ ਘਰ ਪਹੁੰਚੇ ਹੁੰਦੇ । ਉਸਦੇ ਘਰ ਦਿਆਂ ਦੇ ਅੱਗੇ ਪਿਛੇ ਇਉਂ ਘੁੰਮਦੇ ਫਿਰਦੇ, ਜਿਵੇਂ ਉਹ ਉਨ੍ਹਾਂ ਦੇ ਘਰਾਂ ਦੇ ਮੁੰਡੂ ਹੁੰਦੇ । ਪਰ ਅਫ਼ਸੋਸ ਗੁਰਦੀਪ ਤਾਂ ਗੁਰਦੀਪ ਸੀ, ਇਕ ਆਮ ਗੁਰਦੀਪ । ਕਿਸੇ ਭੜੂਏ ਨੇਤਾ ਦਾ ਗੁਰਦੀਪ ਨਹੀਂ ਸੀ ਉਹ । ਉਹ ਦਿਲੀ ਦਾ ਇਕ ਆਮ ਸਾਧਾਰਨ ਆਦਮੀ ਸੀ, ਜਿਸਦੀ ਵੁਕਤ ਨੂੰ ਕੌਡੀਆਂ ਬਰਾਬਰ ਸਮਝਿਆ ਜਾਂਦਾ ਹੈ ।
ਕਿਉਂਕਿ ਗੁਰਦੀਪ ਸਿੰਘ ਦੇ ਪਿਤਾ ਗਿਆਨੀ ਕਰਤਾਰ ਸਿੰਘ ਜੀ ਸਿਖ ਗੁਰਦੁਆਰਾ ਆਫ਼ ਨਾਰਥ ਕੈਰੋਲਾਈਨਾ ਵਿਚ ਸਹਾਇਕ ਗ੍ਰੰਥੀ ਹਨ ਤੇ ਹਵਾਈ ਉਡਾਣਾਂ ਬੰਦ ਹੋਣ ਕਰਕੇ ਉਹ ਦਿਲੀ ਨਹੀਂ ਜਾ ਸਕੇ, ਇਸ ਲਈ ਅੱਜ ਐਤਵਾਰ ਵਾਲੇ ਦਿਨ ੭ ਜੂਨ ਨੂੰ ਗੁਰੂ ਘਰ ਵਿਚ ਵਿਛੜੀ ਆਤਮਾ ਦੀ ਰੂਹ ਲਈ ਅਰਦਾਸ ਕੀਤੀ ਗਈ ।

Related posts

ਸਥਿਰ ਰਿਹਾ ਸ਼ੇਅਰ ਬਜ਼ਾਰ, ਨਿਫ਼ਟੀ 14ਵੇਂ ਦਿਨ ਵੀ ਉੱਪਰ

On Punjab

ਪਟਿਆਲਾ: ‘ਆਪ’ ਦੇ ਬਿਨਾਂ ਮੁਕਾਬਲਾ ਜੇਤੂ ਸੱਤ ਉਮੀਦਵਾਰ ਸਹੁੰ ਚੁੱਕ ਕੇ ਕੌਂਸਲਰ ਬਣੇ

On Punjab

ਕਾਬਲ-ਏ-ਤਾਰੀਫ਼ ਫਿਰੋਜ਼ਪੁਰ ਪੁਲਿਸ, ਲੁੱਟਖੋਹ ਦੀ ਵਾਰਦਾਤ ਨੂੰ 2 ਦਿਨਾਂ ‘ਚ ਸੁਲਝਾਇਆ

Pritpal Kaur