Delhi violence pre planned: ਨਵੀਂ ਦਿੱਲੀ: ਦਿੱਲੀ ਹਿੰਸਾ ਨੂੰ ਲੈ ਕੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੌਜੂਦ ਸਨ । ਮੀਟਿੰਗ ਵਿੱਚ ਹਿੰਸਾ ਦੌਰਾਨ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ । ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਦਿੱਲੀ ਦੀ ਮੌਜੂਦਾ ਸਥਿਤੀ ਚਿੰਤਾਜਨਕ ਹੈ ।
ਉਨ੍ਹਾਂ ਕਿਹਾ ਕਿ ਸਾਜਿਸ਼ ਤਹਿਤ ਹਾਲਾਤ ਵਿਗੜ ਗਏ ਹਨ । ਉਨ੍ਹਾਂ ਕਿਹਾ ਕਿ ਦਿੱਲੀ ਦੀ ਸਥਿਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ । ਜਿਸ ਕਾਰਨ ਗ੍ਰਹਿ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ । ਦੱਸ ਦੇਈਏ ਕਿ ਬੈਠਕ ਤੋਂ ਪਹਿਲਾਂ ਕਾਂਗਰਸ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਦਿੱਲੀ ਪੁਲਿਸ ‘ਤੇ ਨਿਸ਼ਾਨਾ ਸਾਧਿਆ ।
ਚਿਦੰਬਰਮ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਚਾਹੇ ਗ੍ਰਹਿ ਮੰਤਰੀ ਹੋਵੇ ਜਾਂ ਫਿਰ ਗ੍ਰਹਿ ਮੰਤਰਾਲਾ, ਹਿੰਸਾ ਨੂੰ ਰੋਕਣਾ ਸਰਕਾਰ ਦਾ ਫਰਜ਼ ਹੈ । ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਹਿੰਸਾ ਸੋਮਵਾਰ ਤੋਂ ਜਾਰੀ ਹੈ ਅਤੇ ਹਿੰਸਾ ਦੀਆਂ ਘਟਨਾਵਾਂ ਅਜੇ ਵੀ ਵਾਪਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਹਿੰਸਾ ਨੂੰ ਨਾ ਰੋਕ ਪਾਉਣਾ ਦਿੱਲੀ ਪੁਲਿਸ ਦੀ ਵੱਡੀ ਅਸਫਲਤਾ ਦਰਸਾਉਂਦਾ ਹੈ ।
ਫਿਲਹਾਲ, ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਕਾਰਨ ਤਣਾਅ ਜਾਰੀ ਹੈ. ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ, ਜਦਕਿ 200 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ । ਹਿੰਸਾ ਵਿੱਚ ਜ਼ਖਮੀਆਂ ਦੇ ਬਚਾਅ ਅਤੇ ਬਿਹਤਰ ਇਲਾਜ ਲਈ ਦਿੱਲੀ ਹਾਈ ਕੋਰਟ ਵਿੱਚ ਜਸਟਿਸ ਐਸ. ਮੁਰਲੀਧਰ ਦੇ ਘਰ ਅੱਧੀ ਰਾਤ ਨੂੰ ਸੁਣਵਾਈ ਹੋਈ । ਜਿਸ ਵਿੱਚ ਅਦਾਲਤ ਨੇ ਦਿੱਲੀ ਪੁਲਿਸ ਨੂੰ ਐਂਬੂਲੈਂਸ ਨੂੰ ਮੁਸਤਫਾਬਾਦ ਦੇ ਹਸਪਤਾਲ ਤੋਂ ਸੁਰੱਖਿਅਤ ਰਸਤੇ ਅਤੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ ।