ਨਵੀਂ ਦਿੱਲੀ- ਅਦਾਕਾਰ ਜੌਹਨ ਅਬਰਾਹਮ ਨੇ ਆਪਣੀ ਨਵੀਂ ਫਿਲਮ ‘ਦਿ ਡਿਪਲੋਮੈਟ’ ਦੀ ਰਿਲੀਜ਼ ਤੋਂ ਪਹਿਲਾਂ ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕਰਕੇ ਆਉਣ ਵਾਲੀ ਫਿਲਮ ਬਾਰੇ ਚਰਚਾ ਕੀਤੀ। ਸ਼ਿਵਮ ਨਾਇਰ ਵੱਲੋਂ ਨਿਰਦੇਸ਼ਤ ‘ਦਿ ਡਿਪਲੋਮੈਟ’ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਦਾਕਾਰ ਨਾਲ ਮਿਲਣੀ ਸਬੰਧੀ ਐਕਸ ’ਤੇ ਇਕ ਪੋਸਟ ਵਿਚ ਲਿਖਿਆ ਕਿ ਜੌਹਨ ਅਬਰਾਹਮ ਨਾਲ ਉਸ ਦੀ ਨਵੀਂ ਫਿਲਮ ‘ਦਿ ਡਿਪਲੋਮੈਟ’ ਬਾਰੇ ਦਿਲਚਸਪ ਗੱਲਬਾਤ।
ਜੈਸ਼ੰਕਰ ਨੇ ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਦੋਵਾਂ 9 ਨੰਬਰ ਵਾਲੀ ਜਰਸੀ ਫੜੀ ਹੋਈ ਹੈ ਤੇ ਇਸ ’ਤੇ ਜੈਸ਼ੰਕਰ ਲਿਖਿਆ ਹੈ। ‘ਨਾਮ ਸ਼ਬਾਨਾ’ ਅਤੇ ‘ਸਪੈਸ਼ਲ ਓਪਸ’ ਵਰਗੇ ਪ੍ਰੋਜੈਕਟਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਸ਼ਿਵਮ ਨਾਇਰ ਮੁਤਾਬਕ ‘ਦਿ ਡਿਪਲੋਮੈਟ’ ਇੱਕ ਦਿਲਚਸਪ ਕਹਾਣੀ ਹੈ ਜਿਸ ਵਿੱਚ ਅਬਰਾਹਮ ਇੱਕ ਦਿਲਚਸਪ ਭੂਮਿਕਾ ਨਿਭਾ ਰਿਹਾ ਹੈ। ਅਸਲ ਘਟਨਾਵਾਂ ਤੋਂ ਪ੍ਰੇਰਿਤ ਇਹ ਫਿਲਮ ਜੌਹਨ ਅਬਰਾਹਮ ਨੂੰ ਇੱਕ ਡਿਪਲੋਮੈਟ ਵਜੋਂ ਪੇਸ਼ ਕਰਦੀ ਹੈ, ਜੋ ਉਜ਼ਮਾ ਨਾਮ ਦੀ ਇੱਕ ਭਾਰਤੀ ਔਰਤ ਨੂੰ ਪਾਕਿਸਤਾਨ ਤੋਂ ਬਚਾਉਣ ਲਈ ਕਦਮ ਚੁੱਕਦਾ ਹੈ।