ਮੁੰਬਈ:ਬੌਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਆਪਣੇ ਪੁੱਤਰ ਅਵਯਾਨ ਆਜ਼ਾਦ ਰੇਖੀ ਨਾਲ ਪਰਵਾਸੀ ਪੰਛੀ ਫਲਮਿੰਗੋਜ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਸਬੰਧੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ। ਇਸ ਵਿੱਚ ਅਵਯਾਨ ਮੁੰਬਈ ਦੇ ਏਅਰੋਲੀ ਵਿੱਚ ਪੰਛੀਆਂ ਦੇ ਝੁੰਡ ਨਾਲ ਦਿਖਾਈ ਦੇ ਰਿਹਾ ਹੈ। ਇਸ ਕੈਪਸ਼ਨ ਵਿੱਚ ਉਸ ਨੇ ਵਾਈਲਡ ਲਾਈਫ ਦਾ ਹੈਸ਼ਟੈਗ ਲਾਉਂਦਿਆਂ ਲਿਖਿਆ ਹੈ ਕਿ ਇਹ ਉਸ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇੱਕ ਫੋਟੋ ਵਿੱਚ ਉਹ ਕਿਸ਼ਤੀ ਵਿੱਚ ਉਹ ਆਪਣੇ ਪੁੱਤਰ ਨੂੰ ਫੜ ਕੇ ਬੈਠੀ ਹੋਈ ਹੈ। ਇਸ ਨਾਲ ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਉਹ ਆਪਣੇ ਪੁੱਤਰ ਨਾਲ ਬਿਹਤਰੀਨ ਪਲ ਮਾਣ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਪਰਵਾਸੀ ਪੰਛੀਆਂ ਫਲਮਿੰਗੋਜ਼ ਦੀ ਫੋਟੋ ਵੀ ਸਾਂਝੀ ਕੀਤੀ ਹੈ। ਇਸ ਨਾਲ ਉਸ ਨੇ ਲਿਖਿਆ ਹੈ ਕਿ ਲੋਕ ਪ੍ਰਦੂਸ਼ਣ ਫੈਲਾਉਂਦੇ ਹਨ ਜਦੋਂਕਿ ਕੁਦਰਤ ਜਾਦੂ ਕਰਦੀ ਹੈ। ਅਦਾਕਾਰਾ ਨੇ ਫਰਵਰੀ 2021 ਵਿੱਚ ਕਾਰੋਬਾਰੀ ਵੈਬਵ ਰੇਖੀ ਨਾਲ ਬਾਂਦਰਾ ਮੁੰਬਈ ਵਿੱਚ ਵਿਆਹ ਕਰਵਾ ਲਿਆ ਸੀ। ਇਸ ਮਗਰੋਂ ਉਸ ਨੇ ਜੁਲਾਈ ’ਚ ਖ਼ੁਲਾਸਾ ਕੀਤਾ ਸੀ ਉਨ੍ਹਾਂ ਦੇ ਬੱਚੇ ਨੇ ਸਮੇਂ ਤੋਂ ਪਹਿਲਾਂ ਜਨਮ ਲੈ ਲਿਆ ਸੀ। ਇਸ ਕਾਰਨ ਬੱਚੇ ਨੂੰ ਦੋ ਮਹੀਨਿਆਂ ਤਕ ਐੱਨਆਈਸੀਯੂ ਵਿੱਚ ਰੱਖਿਆ ਗਿਆ ਸੀ। ਦੀਆ ਸਾਲ 2000 ਵਿੱਚ ਮਿਸ ਏਸ਼ੀਆ ਪੈਸੇਫਿਕ ਇੰਟਰਨੈਸ਼ਨਲ ਬਣੀ ਸੀ। ਉਸ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਸਾਲ 2001 ਵਿੱਚ ਹਿੰਦੀ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਤੋਂ ਕੀਤੀ ਸੀ।