ਚੰਡੀਗੜ੍ਹ: ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਭਾਰਤੀ ਭਲਵਾਨ ਦੀਪਕ ਪੁਨੀਆ 86 ਕਿੱਲੋਗ੍ਰਾਮ ਭਾਰ ਵਰਗ ਵਿੱਚ ਪਹਿਲੇ ਨੰਬਰ ਦਾ ਪਹਿਲਵਾਨ ਬਣ ਗਿਆ ਹੈ। ਦੂਜੇ ਪਾਸੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਬਜਰੰਗ ਪੁਨੀਆ ਦੂਜੇ ਸਥਾਨ ‘ਤੇ ਖਿਸਕ ਗਿਆ ਹੈ। ਪਹਿਲਾਂ ਉਹ ਇਸ ਭਾਰ ਵਰਗ ਵਿੱਚ ਨੰਬਰ ਇੱਕ ਦਾ ਪਹਿਲਵਾਨ ਸੀ।
ਇੰਟਰਨੈਸ਼ਨਲ ਰੈਸਲਿੰਗ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ। ਮਹਿਲਾਵਾਂ ਵਿੱਚੋਂ ਵਿਨੇਸ਼ ਫੋਗਾਟ 53 ਕਿੱਲੋ ਭਾਰ ਵਰਗ ਵਿੱਚ ਦੂਜੇ ਨੰਬਰ ‘ਤੇ ਹੈ। ਉਸ ਨੂੰ ਚਾਰ ਸਥਾਨਾਂ ਦਾ ਫਾਇਦਾ ਹੋਇਆ। 50 ਕਿਲੋਗ੍ਰਾਮ ਭਾਰ ਵਰਗ ਵਿੱਚ ਸੀਮਾ ਬਿਸਲਾ ਤੀਜੇ ਨੰਬਰ ‘ਤੇ ਹੈ। ਇਸ ਦੇ ਨਾਲ ਹੀ 59 ਕਿੱਲੋਗ੍ਰਾਮ ਭਾਰ ਵਰਗ ਵਿੱਚ ਮੰਜੂ ਕੁਮਾਰੀ ਤੀਜੇ ਤੇ ਪੂਜਾ ਢਾਂਢਾ ਪੰਜਵੇਂ ਸਥਾਨ ‘ਤੇ ਕਾਬਜ਼ ਹੈ।
ਦੀਪਕ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ। ਉਹ ਸੱਟ ਲੱਗਣ ਕਾਰਨ ਫਾਈਨਲ ਤੋਂ ਬਾਹਰ ਹੋ ਗਿਆ ਸੀ। ਇਰਾਨ ਦੇ ਹਸਨ ਯਜ਼ਦਾਨੀ ਨੇ ਸੋਨ ਤਗਮਾ ਜਿੱਤਿਆ। 20 ਸਾਲਾ ਦੀਪਕ ਦੇ 82 ਅੰਕ ਹਨ। ਵਿਸ਼ਵ ਚੈਂਪੀਅਨ ਯਜ਼ਦਾਨੀ ਤੋਂ ਇਹ ਚਾਰ ਅੰਕ ਵੱਧ ਹਨ। ਦੀਪਕ ਨੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।