ਜਾਗਰਣ ਸੰਵਾਦਦਾਤਾ, ਕਾਨਪੁਰ : ਕਾਕਾਦੇਵ ਸਥਿਤ ਪਾਂਡੂ ਨਗਰ ਐੱਚ-1 ਬਲਾਕ ‘ਚ ਮੰਦਰ ‘ਚ ਬਲ਼ ਰਹੇ ਦੀਵੇ ਨਾਲ ਘਰ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਪਹੁੰਚੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ ਬੁਝਾਈ ਪਰ ਹਾਦਸੇ ਵੇਲੇ ਘਰ ਵਿਚ ਸੌਂ ਰਹੇ ਬਿਸਕੁਟ ਵਪਾਰੀ ਸੰਜੇ ਸ਼ਿਆਮ ਦਾਸਾਨੀ, ਉਨ੍ਹਾਂ ਦੀ ਪਤਨੀ ਤੇ ਨੌਕਰਾਣੀ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁੱਜੀ ਪੁਲਿਸ ਜਾਂਚ ਪੜਤਾਲ ‘ਚ ਜੁਟ ਗਈ।ਪਾਂਡੂ ਨਗਰ ਐੱਚ-1 ਬਲਾਕ ਨਿਵਾਸੀ ਸੰਜੇ ਸ਼ਿਆਮ ਦਾਸਾਨੀ ਦੀ ਪਾਰਲੇ-ਜੀ ਬਿਸਕੁਟ ਫੈਕਟਰੀ ਦੀ ਫ੍ਰੈਂਚਾਇਟੀ ਹੈ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਕਨਿਕਾ ਤੇ ਬੇਟਾ ਹਰਸ਼ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਦੀਵਾਲੀ ਦੀ ਪੂਜਾ ਕਰਨ ਤੋਂ ਬਾਅਦ ਉਹ ਪਤਨੀ ਕਨਿਕਾ ਨਾਲ ਸੌਂ ਗਏ। ਇਸ ਦੌਰਾਨ ਘਰ ਦੇ ਮੰਦਰ ‘ਚ ਦੀਵਾ ਬਲ਼ ਰਿਹਾ ਸੀ। ਦੇਰ ਰਾਤ ਕਰੀਬ ਤਿੰਨ ਵਜੇ ਮੰਦਰ ‘ਚ ਰੱਖੇ ਦੀਵੇ ਨਾਲ ਘਰ ਵਿਚ ਅੱਗ ਲੱਗ ਗਈ।
ਅੱਗ ਦੀਆਂ ਲਪਟਾਂ ਦੇਖ ਕੇ ਉਨ੍ਹਾਂ ਦੇ ਭਰਾ ਕਮਲੇਸ਼ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਹਾਦਸੇ ਦੇ ਸਮੇਂ ਘਰ ‘ਚ ਸੌਂ ਰਹੇ ਸੰਜੇ, ਉਨ੍ਹਾਂ ਦੀ ਪਤਨੀ ਕਨਿਕਾ ਤੇ ਨੌਕਰਾਣੀ ਛਵੀ ਵਾਸੀ ਨਰਮਾਉ ਬਿਠੂਰ ਬੇਹੋਸ਼ ਮਿਲੇ। ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਸਰਵੋਦਿਆ ਨਗਰ ਦੇ ਰੀਜੈਂਸੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਇੰਚਾਰਜ ਮਨੋਜ ਭਦੌਰੀਆ ਨੇ ਦੱਸਿਆ ਕਿ ਘਰ ‘ਚ ਅੱਗ ਮੰਦਰ ‘ਚ ਰੱਖੇ ਦੀਵੇ ਕਾਰਨ ਲੱਗੀ, ਜਿਸ ‘ਤੇ ਫਾਇਰ ਬ੍ਰਿਗੇਡ ਨੇ ਕਾਬੂ ਪਾ ਲਿਆ। ਹਾਦਸੇ ਕਾਰਨ ਸਾਹ ਘੁੱਟਣ ਕਾਰਨ ਕਾਰੋਬਾਰੀ, ਉਨ੍ਹਾਂ ਦੀ ਪਤਨੀ ਤੇ ਨੌਕਰਾਣੀ ਦੀ ਮੌਤ ਹੋ ਗਈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।