PreetNama
ਰਾਜਨੀਤੀ/Politics

ਦੁਨੀਆ ’ਚ ਕੱਟੜਵਾਦ ਅੱਤਵਾਦ ਦਾ ਖ਼ਤਰਾ ਵਧਿਆ, ਸੰਯੁਕਤ ਰਾਸ਼ਟਰ ਮਹਾਸਭਾ ’ਚ ਪੀਐੱਮ ਮੋਦੀ ਨੇ ਬਿਨਾਂ ਨਾਂ ਲਏ ਪਾਕਿ ਤੇ ਚੀਨ ’ਤੇ ਉਠਾਏ ਸਵਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਬਿਨਾਂ ਨਾਂ ਲਏ ਪਾਕਿਸਤਾਨ ਤੇ ਚੀਨ ’ਤੇ ਜ਼ਬਰਦਸਤ ਨਿਸ਼ਾਨਾ ਲਾਇਆ। ਨਾਲ ਹੀ ਕਿਹਾ ਕਿ ਅੱਜ ਦੁਨੀਆ ਦੇ ਸਾਹਮਣੇ ਰੂੜ੍ਹੀਵਾਦੀ ਸੋਚ ਤੇ ਕੱਟੜਵਾਦ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਅਜਿਹੇ ਹਾਲਾਤ ’ਚ ਪੂਰੇ ਵਿਸ਼ਵ ਨੂੰ ਵਿਗਿਆਨ ਆਧਾਰਿਤ ਤਰਕਸੰਗਤ ਤੇ ਪ੍ਰਗਤੀਸ਼ੀਲ ਸੋਚ ਨੂੰ ਵਿਕਾਸ ਦਾ ਆਧਾਰ ਬਣਾਉਣਾ ਪਵੇਗਾ।

ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਸੰਦਰਭ ’ਚ ਕਿਹਾ ਕਿ ਸਿਆਸੀ ਹਥਿਆਰ ਦੇ ਤੌਰ ’ਤੇ ਅੱਤਵਾਦ ਦੀ ਵਰਤੋਂ ਕਰ ਰਹੇ ਰੂੜ੍ਹੀਵਾਦੀ ਸੋਚ ਵਾਲੇ ਦੇਸ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਲਈ ਵੀ ਓਨਾ ਹੀ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ, ‘ਇਹ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਅੱਤਵਾਦ ਦੇ ਪ੍ਰਸਾਰ ਤੇ ਅੱਤਵਾਦੀ ਸਰਗਰਮੀਆਂ ਲਈ ਨਾ ਹੋਵੇ। ਸਾਨੂੰ ਇਹ ਵੀ ਯਕੀਨੀ ਕਰਨ ਦੀ ਲੋੜ ਹੈ ਕਿ ਅਫ਼ਗਾਨਿਸਤਾਨ ਦੀ ਨਾਜ਼ੂਕ ਸਥਿਤੀ ਦਾ ਕੋਈ ਦੇਸ਼ ਲਾਭ ਨਾ ਉਠਾ ਸਕੇ ਤੇ ਉਸ ਨੂੰ ਆਪਣੇ ਸੌੜੇ ਹਿੱਤਾਂ ਲਈ ਨਾ ਵਰਤ ਸਕੇ।’ ਪ੍ਰਧਾਨ ਮੰਤਰੀ ਨੇ ਕਿਹਾ, ‘ਅਫ਼ਗਾਨਿਸਤਾਨ ਦੀਆਂ ਔਰਤਾਂ, ਬੱਚਿਆਂ ਤੇ ਘੱਟਗਿਣਤੀਆਂ ਨੂੰ ਮਦਦ ਦੀ ਲੋੜ ਹੈ ਅਤੇ ਸਾਨੂੰ ਇਹ ਮਦਦ ਮੁਹਈਆ ਕਰਵਾ ਕੇ ਆਪਣਾ ਕਰਤੱਵ ਪੂਰਾ ਕਰਨਾ ਚਾਹੀਦਾ ਹੈ।’

22 ਮਿੰਟ ਦੇ ਆਪਣੇ ਭਾਸ਼ਣ ’ਚ ਪ੍ਰਧਾਨ ਮੰਤਰੀ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਸੰਦਰਭ ’ਚ ਕਿਹਾ ਕਿ ਮਹਸਾਗਰ ਸਾਡੀ ਸਾਂਝੀ ਵਿਰਾਸਤ ਹਨ। ਇਹ ਕੌਮਾਂਤਰੀ ਵਪਾਰ ਦੀ ਜੀਵਨ-ਰੇਖਾ ਵੀ ਹਨ। ਸਾਨੂੰ ਵਿਸਥਾਰਵਾਦ ਦੀ ਦੌੜ ਤੋਂ ਉਨ੍ਹਾਂ ਦੀ ਰਾਖੀ ਕਰਨੀ ਚਾਹੀਦੀ ਹੈ। ਨਿਯਮ ਆਧਾਰਿਤ ਵਿਸ਼ਵ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੌਮਾਂਤਰੀ ਭਾਈਚਾਰੇ ਨੂੰ ਇਕ ਸੁਰ ਵਿਚ ਬੋਲਣਾ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ ਚੀਨ ਇਸ ਖੇਤਰ ’ਚ ਆਪਣੀ ਸੈਨਿਕ ਹਾਜ਼ਰੀ ਲਗਾਤਾਰ ਮਜ਼ਬੂਤ ਕਰ ਰਿਹਾ ਹੈ।

ਭਾਰਤ ’ਚ ਲੋਕਤੰਤਰ ਦੀ ਮਜ਼ਬੂਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ ਜਿਸ ਨੂੰ ਲੋਕਤੰਤਰ ਦੀ ਜਣਨੀ ਹੋਣ ਦਾ ਮਾਣ ਹਾਸਲ ਹੈ। ਇਸ ਸਾਲ 15 ਅਗਸਤ ਨੂੰ ਅਸੀਂ ਆਜ਼ਾਦੀ ਦੇ 75ਵੇਂ ਸਾਲ ’ਚ ਪ੍ਰਵੇਸ਼ ਕਰ ਗਏ ਹਾਂ। ਭਾਰਤ ਆਪਣੀ ਆਜ਼ਾਦੀ ਦੇ 75ਵੇਂ ਸਾਲ ’ਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ ਅਤੇ 75 ਅਜਿਹੇ ਉਪਗ੍ਰਹਿ ਪੁਲੜ ’ਚ ਭੇਜਣ ਦੀ ਤਿਆਰੀ ਕਰ ਰਿਹਾ ਹੈ ਜੋ ਵਿਦਿਆਰਥੀਆਂ ਤੇ ਸ਼ੋਧਕਾਰਾਂ ਨੇ ਤਿਆਰ ਕੀਤੇ ਹਨ।

ਸਟੇਸ਼ਨ ’ਤੇ ਚਾਹ ਵੇਚਣ ਦਾ ਕੀਤਾ ਜ਼ਿਕਰ

ਮੋਦੀ ਨੇ ਕਿਹਾ ਕਿ ਸਾਡੀ ਵੰਨ-ਸੁਵੰਨਤਾ ਹੀ ਸਾਡੇ ਮਜ਼ਬੂਤ ਲੋਕਤੰਤਰ ਦੀ ਪਛਾਣ ਹੈ। ਇਹ ਅਜਿਹਾ ਦੇਸ਼ ਹੈ ਜਿੱਥੇ ਦਰਜਨਾਂ ਭਾਸ਼ਾਵਾਂ, ਸੈਂਕੜੇ ਬੋਲੀਆਂ, ਵੱਖ-ਵੱਖ ਜੀਵਨ ਸ਼ੈਲੀਆਂ ਤੇ ਖਾਣ-ਪੀਣ ਹੈ। ਇਹ ਜੀਵੰਤ ਲੋਕਤੰਤਰ ਦੀ ਸਰਬਸ੍ਰੇਸ਼ਠ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕਤੰਤਰ ਦੀ ਤਾਕਤ ਇਸ ਤੱਥ ਤੋਂ ਪ੍ਰਦਰਸ਼ਿਤ ਹੁੰਦੀ ਹੈ ਕਿ ਇਕ ਛੋਟਾ ਲੜਕਾ ਜੋ ਕਦੇ ਰੇਲਵੇ ਸਟੇਸ਼ਨ ’ਤੇ ਚਾਹ ਦੀ ਦੁਕਾਨ ’ਤੇ ਆਪਣੇ ਪਿਤਾ ਦੀ ਮਦਦ ਕਰਦਾ ਸੀ, ਅੱਜ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਚੌਥੀ ਵਾਰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰ ਰਿਹਾ ਹੈ। ਮੈਂ ਛੇਤੀ ਹੀ ਸਰਕਾਰ ਦੇ ਮੁਖੀ ਦੇ ਰੂਪ ’ਚ ਆਪਣੇ ਦੇਸ਼ਵਾਸੀਆਂ ਦੀ ਸੇਵਾ ਕਰਨ ਦੇ 20 ਸਾਲ ਪੂਰੇ ਕਰਾਂਗਾ। ਪਹਿਲਾਂ ਗੁਜਰਾਤ ਦੇ ਸਭ ਤੋਂ ਲੰਬੇ ਸਮੇਂ ਤਕ ਮੁੱਖ ਮੰਤਰੀ ਦੇ ਰੂਪ ’ਚ ਤੇ ਫਿਰ ਪਿਛਲੇ ਸੱਤ ਸਾਲਾਂ ਤੋਂ ਪ੍ਰਧਾਨ ਮੰਤਰੀ ਦੇ ਰੂਪ ’ਚ। ਇਹ ਲੋਕਤੰਤਰ ਦੀ ਦੇਣ ਹੈ।

Related posts

ਕੈਪਟਨ ਨੇ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨ ਲਈ 6 ਮਹੀਨੇ ਦਾ ਕੀਤਾ ਸੀਮਾ ਨਿਰਧਾਰਤ

On Punjab

ਮੋਦੀ ਸਰਕਾਰ ਅਗਲੇ ਦਿਨਾਂ ‘ਚ ਚੁੱਕੇਗੀ ਕਸ਼ਮੀਰ ਬਾਰੇ ਵੱਡਾ ਕਦਮ

On Punjab

ਪ੍ਰੋਫੈਸਰ ਭੁੱਲਰ ਦੀ ਰਿਹਾਈ ਸਬੰਧੀ ਭਗਵੰਤ ਮਾਨ ਦਾ ਵੱਡਾ ਬਿਆਨ, ਬੋਲੇ- ਫਾਈਲ ਆਉਣ ‘ਤੇ ਕਰ ਦਿੱਤੇ ਜਾਣਗੇ ਦਸਤਖ਼ਤ

On Punjab