8 youngman returned India: ਦੁਬਈ ਦੀ ਇਕ ਕੰਪਨੀ ਦੇ ਬੰਦ ਹੋਣ ਕਾਰਨ ਫਸੇ ਅੱਠ ਪੰਜਾਬੀ ਨੌਜਵਾਨ ਸ਼ਨੀਵਾਰ ਨੂੰ ਵਾਪਸ ਪੰਜਾਬ ਪਰਤੇ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ ਐਸ ਪੀ ਸਿੰਘ ਓਬਰਾਏ ਉਨ੍ਹਾਂ ਨਾਲ ਮੁਹਾਲੀ ਏਅਰਪੋਰਟ ਪਹੁੰਚੇ ਹਨ। ਇਨ੍ਹਾਂ ਤੋਂ ਇਲਾਵਾ ਦੁਬਈ ਵਿਚ 21 ਹੋਰ ਨੌਜਵਾਨ ਵੀ ਹਨ, ਜੋ ਕਾਗਜ਼ਾਤ ਪੂਰਾ ਹੋਣ ਤੋਂ ਬਾਅਦ ਜਲਦੀ ਹੀ ਭਾਰਤ ਪਰਤ ਆਉਣਗੇ। ਨੌਜਵਾਨਾਂ ਨੂੰ ਵਾਪਸ ਲਿਆਉਣ ‘ਚ ਡਾ. ਐੱਸ ਪੀ ਓਬਰਾਏ ਨੇ ਅਹਿਮ ਭੂਮਿਕਾ ਨਿਭਾਈ।
ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਦੇ ਅੱਠ ਨੌਜਵਾਨ ਸ਼ਨੀਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਮੌਜੂਦਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀਆਂ ਅੱਖਾਂ ਭਰ ਆਈਆਂ। ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੂੰ ਦੁਬਈ ਤੋਂ ਕੁਸ਼ਲਤਾਪੂਰਵਕ ਆਪਣੇ ਦੇਸ਼ ਲਿਆਇਆ ਗਿਆ। ਉਨ੍ਹਾਂ ਵਿਚੋਂ ਹਰਿਆਣਾ ਦੇ ਕੁਰੂਕਸ਼ੇਤਰ ਅਤੇ ਕਰਨਾਲ ਜ਼ਿਲਿਆਂ ਦੇ ਚਾਰ, ਪੰਜਾਬ ਦੇ ਅੰਮ੍ਰਿਤਸਰ ਦਾ ਇਕ, ਰੋਪੜ ਦਾ ਇਕ, ਹੁਸ਼ਿਆਰਪੁਰ ਦਾ ਇਕ ਅਤੇ ਦਿੱਲੀ ਦਾ ਇਕ ਨੌਜਵਾਨ ਸ਼ਾਮਲ ਹੈ।
ਸ. ਓਬਰਾਏ ਨੇ ਦੱਸਿਆ ਕਿ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਦੁਬਈ ਦੀ ਇਕ ਸਕਿਓਰਿਟੀ ਕੰਪਨੀ ਨੇ ਨੌਕਰੀ ਦਾ ਝਾਂਸਾ ਦੇ ਕੇ ਬੁਲਾਇਆ ਸੀ। ਇਹ ਸਾਰੇ ਪਿਛਲੇ ਸਾਲ ਅਕਤੂਬਰ ਅਤੇ ਨਵੰਬਰ ਮਹੀਨੇ ‘ਚ ਗਏ ਸਨ। ਦੁਬਈ ਪਹੁੰਚਣ ‘ਤੇ ਪਤਾ ਲੱਗਾ ਕਿ ਕੰਪਨੀ ਬੰਦ ਹੋ ਚੁੱਕੀ ਹੈ। ਖਾਣ ਤਕ ਦੀ ਮੁਸ਼ਕਲ ਹੋਣ ਲੱਗੀ। ਜਿਵੇਂ-ਤਿਵੇਂ ਨੌਜਵਾਨਾਂ ਦਾ ਸੰਪਰਕ ਓਬਰਾਏ ਨਾਲ ਹੋਇਆ। ਐਸ ਪੀ ਸਿੰਘ ਓਬਰਾਏ ਫਿਰ ਇਨ੍ਹਾਂ ਨੌਜਵਾਨਾਂ ਦੀ ਮਦਦ ਲਈ ਅੱਗੇ ਵਧੇ ਅਤੇ ਇਨ੍ਹਾਂ ਨੌਜਵਾਨਾਂ ਦੀਆਂ ਟਿਕਟਾਂ ਆਪਣੇ ਆਪ ਲੈ ਲਈਆਂ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਲਿਆਂਦਾ। ਉਨ੍ਹਾਂ ਨੇ ਇਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਦਿਆਂ ਭਾਰਤ ਵਾਪਸੀ ਦੀ ਵਿਵਸਥਾ ਕੀਤੀ। ਉਨ੍ਹਾਂ ਦੱਸਿਆ ਕਿ ਕੁਲ 29 ਨੌਜਵਾਨ ਉਥੇ ਫਸੇ ਹੋਏ ਸਨ, , ਜਿਨ੍ਹਾਂ ਵਿਚੋਂ ਅੱਠ ਦੇ ਦਸਤਾਵੇਜ਼ ਸਹੀ ਪਾਏ ਗਏ ਅਤੇ ਇਹ ਸਾਰੇ ਸ਼ਨੀਵਾਰ ਨੂੰ ਭਾਰਤ ਪਰਤ ਆਏ। ਹੋਰ ਨੌਜਵਾਨਾਂ ਦੀ ਦੁਬਈ ਤੋਂ ਰਿਹਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।