14 youths trapped in Dubai return: ਕੰਪਨੀ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਦੁਬਈ ‘ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ 29 ਭਾਰਤੀ ਨੌਜਵਾਨਾਂ ‘ਚੋਂ ਅੱਜ 14 ਹੋਰ ਨੌਜਵਾਨ ਦੁਬਈ ਦੇ ਵੱਡੇ ਦਿਲ ਵਾਲੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ। ਦੁਬਈ ਤੋਂ ਪਰਤੇ ਨੌਜਵਾਨਾਂ ਨੂੰ ਹਵਾਈ ਅੱਡੇ ਲੈਣ ਉਚੇਚੇ ਤੌਰ ‘ਤੇ ਪੂਰੀ ਦੁਨੀਆ ਅੰਦਰ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵਕ ਡਾ. ਐੱਸਪੀ ਸਿੰਘ ਓਬਰਾਏ ਆਪ ਪਹੁੰਚੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਦੀ ਇਕ ਕੰਪਨੀ ਨੇ ਸਕਿਓਰਿਟੀ ਦੇ ਕੰਮ ਲਈ ਭਾਰਤ ਤੋਂ ਦੁਬਈ ਸੱਦਿਆ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਪਾਕਿਸਤਾਨ ਨਾਲ ਸੰਬੰਧਤ ਕੰਪਨੀ ਮਾਲਕ ਆਪਣੀ ਕੰਪਨੀ ਬੰਦ ਕਰ ਕੇ ਭੱਜ ਗਿਆ। ਉਨ੍ਹਾਂ ਦੱਸਿਆ ਕਿ ਕੰਪਨੀ ਬੰਦ ਹੋ ਜਾਣ ਨਾਲ ਜਿੱਥੇ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋ ਗਿਆ ਉੱਥੇ ਹੀ ਉਨ੍ਹਾਂ ਵੱਲੋਂ ਕੀਤੇ ਗਏ ਤਿੰਨ ਤੋਂ ਛੇ ਮਹੀਨਿਆਂ ਦੇ ਕੰਮ ਦੀ ਤਨਖ਼ਾਹ ਵੀ ਨਹੀਂ ਦਿੱਤੀ ਗਈ। ਜਿਸ ਕਾਰਨ ਇਨ੍ਹਾਂ ਨੂੰ ਸਿਰ ਤੋਂ ਛੱਤ ਚਲੇ ਜਾਣ ਦੇ ਨਾਲ-ਨਾਲ ਦੋ ਵਕਤ ਦੀ ਰੋਟੀ ਤੋਂ ਵੀ ਵਾਂਝੇ ਹੋਣਾ ਪਿਆ।
ਉਨ੍ਹਾਂ ਦੱਸਿਆ ਕਿ ਕੁੱਲ 29 ਨੌਜਵਾਨਾਂ ‘ਚੋਂ 10 ਦੇ ਕਾਗਜ਼ਾਤ ਮੁਕੰਮਲ ਸਨ ਜਿਨ੍ਹਾਂ ਨੂੰ ਪਹਿਲਾਂ ਹੀ ਉਨ੍ਹਾਂ ਦੇ ਘਰਾਂ ਪਹੁੰਚਾ ਦਿੱਤਾ ਗਿਆ ਜਦਕਿ ਅੱਜ 14 ਹੋਰ ਨੌਜਵਾਨ ਦੁਬਈ ਤੋਂ ਭਾਰਤ ਪਹੁੰਚ ਗਏ ਹਨ। ਬਾਕੀ ਬਚਦੇ 5 ਨੌਜਵਾਨਾਂ ਨੂੰ ਵੀ ਜਲਦ ਹੀ ਕਾਗਜ਼ਾਤ ਮੁਕੰਮਲ ਹੋਣ ਉਪਰੰਤ ਵਾਪਸ ਲਿਆਂਦਾ ਜਾਵੇਗਾ। ਇਸ ਮੌਕੇ ਹਵਾਈ ਅੱਡੇ ‘ਤੇ ਸਵੇਰੇ ਹੀ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਪਹੁੰਚੇ ਹੋਏ ਸਨ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੇ ਆਪਣੇ ਬੱਚਿਆਂ ਨੂੰ ਵੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਨ੍ਹਾਂ ਨੇ ਡਾ. ਐੱਸ. ਪੀ. ਸਿੰਘ ਓਬਰਾਏ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਡਾ. ਓਬਰਾਏ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਦੇ ਦਸਤਾਵੇਜ਼ ਪੂਰੇ ਹੋ ਗਏ, ਉਹ ਆਪਣੇ ਵਤਨ ਪਰਤ ਰਹੇ ਹਨ। ਜਿਹੜੇ ਨੌਜਵਾਨ ਰਹਿ ਗਏ ਉਨ੍ਹਾਂ ਨੂੰ ਵੀ ਜਲਦ ਹੀ ਵਤਨ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅੱਜ ਜਿਹੜੇ ਨੌਜਵਾਨ ਦੁਬਈ ਤੋਂ ਵਾਪਸ ਆਏ ਹਨ, ਉਨ੍ਹਾਂ ‘ਚ ਬਲਵਿੰਦਰ ਕੁਮਾਰ, ਵਰੁਣ, ਅਮਨਦੀਪ, ਭਵਨਪ੍ਰੀਤ ਸਿੰਘ, ਗੋਪਾਲ, ਦੀਪਕ ਕੁਮਾਰ, ਰਾਜ ਕਿਸ਼ੋਰ ਭਾਰਗਵ, ਮਨਪ੍ਰੀਤ ਸਿੰਘ, ਵਿਸ਼ਾਲ ਸ਼ਰਮਾ, ਨਿਤਿਸ਼ ਚੰਦਲਾ, ਅਮਨਦੀਪ ਸਿੰਘ, ਵਿਕਰਨ ਜੋਸ਼ੀ, ਮਨਦੀਪ ਸਿੰਘ, ਪ੍ਰਵੀਨ ਕੁਮਾਰ ਸ਼ਾਮਲ ਹਨ।