ਅੰਮ੍ਰਿਤਸਰ-ਅਮਰੀਕਾ ਤੋਂ ਡਿਪੋਰਟ ਕੀਤੇ 119 ਭਾਰਤੀ ਨਾਗਰਿਕਾਂ ਵਾਲੀ ਵਿਸ਼ੇਸ਼ ਉਡਾਣ ਦੇ ਭਲਕੇ (15 ਫਰਵਰੀ) ਸ਼ਨਿੱਚਰਵਾਰ ਰਾਤ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਦੀ ਉਮੀਦ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਪਰਵਾਸੀਆਂ ਖਿਲਾਫ਼ ਸ਼ਿਕੰਜਾ ਕੱਸਣ ਮਗਰੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਇਹ ਦੂਜਾ ਬੈਚ ਹੋਵੇਗਾ।
ਸੂਤਰਾਂ ਅਨੁਸਾਰ ਦੂਜੇ ਬੈਚ ਵਿਚ ਡਿਪੋਰਟ ਕੀਤੇ ਗਏ 119 ਵਿਅਕਤੀਆਂ ਵਿਚੋਂ 67 ਪੰਜਾਬ ਨਾਲ ਸਬੰਧਤ ਹਨ। ਹਰਿਆਣਾ ਦੇ 33 ਤੇ ਗੁਜਰਾਤ ਦੇ 8 ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਤਿੰਨ ਜਦੋਂਕਿ ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਦੇ 2-2 ਵਿਅਕਤੀਆਂ ਦੀ ਵਤਨ ਵਾਪਸੀ ਹੋ ਰਹੀ ਹੈ। ਇਸ ਤੋਂ ਇਲਾਵਾ, ਇਸ ਉਡਾਣ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨਾਲ ਸਬੰਧਤ ਇਕ-ਇੱਕ ਵਿਅਕਤੀ ਸ਼ਾਮਲ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਧਿਕਾਰੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ, ਅਤੇ ਹਵਾਈ ਅੱਡੇ ’ਤੇ ਢੁਕਵੀਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਅਮਰੀਕੀ ਜਹਾਜ਼ ਦੇ ਲੈਂਡ ਕਰਨ ਉੱਤੇ ਇਮੀਗ੍ਰੇਸ਼ਨ ਅਧਿਕਾਰੀ, ਪੁਲੀਸ ਕਰਮਚਾਰੀ ਅਤੇ ਵਿਦੇਸ਼ ਮੰਤਰਾਲੇ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ।