ROHIT SHARMA BREAK SHAHEED RECORD : ਨਵੀਂ ਦਿੱਲੀ :ਵੀਰਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੂਜਾ ਟੀ-20 ਮੁਕਾਬਲਾ ਖੇਡਿਆ ਗਿਆ। ਜਿਸ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਜਿਸ ਤੋਂ ਬਾਅਦ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਇਸ ਮੁਕਾਬਲੇ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਲਿਆ ਸੀ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ 85 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰੋਹਿਤ ਨੇ 43 ਗੇਂਦਾਂ ‘ਤੇ 85 ਦੌੜਾਂ ਦੀ ਧਮਾਕੇਦਾਰ ਪਾਰੀ ਵਿਚ 6 ਚੌਕੇ ਤੇ 6 ਛੱਕੇ ਲਗਾਏ । ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ । ਦਰਅਸਲ, ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ ਦੂਜਾ ਟੀ-20 ਮੈਚ ਰੋਹਿਤ ਸ਼ਰਮਾ ਦਾ 100ਵਾਂ ਟੀ-20 ਅੰਤਰਰਾਸ਼ਟਰੀ ਮੈਚ ਸੀ ।
ਇਸ ਮੁਕਾਬਲੇ ਲਈ ਮੈਦਾਨ ਵਿੱਚ ਉਤਰਦੇ ਹੀ ਰੋਹਿਤ ਸ਼ਰਮਾ ਨੇ ਪਾਕਿਸਤਾਨ ਦੇ ਕ੍ਰਿਕਟਰ ਸ਼ਾਹਿਦ ਅਫਰੀਦੀ ਦਾ ਵੱਡਾ ਰਿਕਾਰਡ ਤੋੜ ਦਿੱਤਾ । ਰੋਹਿਤ ਇਸ ਫਾਰਮੈਟ ਵਿੱਚ 100ਵਾਂ ਅੰਤਰਰਾਸ਼ਟਰੀ ਟੀ-20 ਮੈਚ ਖੇਡਣ ਵਾਲੇ ਦੂਜੇ ਅਤੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ । ਰੋਹਿਤ ਸ਼ਰਮਾ ਦੇ ਇਸ ਰਿਕਾਰਡ ਨੂੰ ਆਪਣੇ ਨਾਮ ਕਰਨ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਸ਼ਾਹਿਦ ਅਫਰੀਦੀ 99 ਟੀ-20 ਮੈਚਾਂ ਨਾਲ ਤੀਜੇ ਸਥਾਨ ‘ਤੇ ਆ ਗਏ ਹਨ । ਉਥੇ ਹੀ, ਪਾਕਿਸਤਾਨ ਦੇ ਆਲਰਾਊਂਡਰ ਖਿਡਾਰੀ ਸ਼ੋਇਬ ਮਲਿਕ ਪਹਿਲੇ ਸਥਾਨ ‘ਤੇ ਹਨ, ਜਿਸ ਨੇ 111 ਟੀ-20 ਮੈਚ ਖੇਡੇ ਹਨ ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਟੀਚੇ ਦਾ ਪਿੱਛੇ ਕਰਨ ਉਤਰੀ ਭਾਰਤੀ ਟੀਮ ਦੇ ਓਪਨਰ ਰੋਹਿਤ ਨੇ ਸ਼ਿਖਰ ਧਵਨ ਨਾਲ ਓਪਨਿੰਗ ਵਿਕਟ ਦੀ ਸਾਂਝੇਦਾਰੀ ਵਿੱਚ 10.5 ਓਵਰਾਂ ਵਿੱਚ ਹੀ 118 ਦੌੜਾਂ ਜੋੜ ਦਿੱਤੀਆਂ । ਇਸ ਮੁਕਾਬਲੇ ਵਿੱਚ ਬੰਗਲਾਦੇਸ਼ ਦੀ ਟੀਮ ਨੇ ਪਹਿਲੇ 10 ਓਵਰਾਂ ਵਿੱਚ 78 ਦੌੜਾਂ ਬਣਾ ਕੇ ਵੱਡੇ ਸਕੋਰ ਵੱਲ ਵਧ ਰਿਹਾ ਸੀ, ਪਰ ਭਾਰਤ ਨੇ ਅਗਲੇ 10 ਓਵਰਾਂ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਮਹਿਮਾਨ ਟੀਮ ਨੂੰ 153 ਦੌੜਾਂ ‘ਤੇ ਰੋਕ ਦਿੱਤਾ ।