ਭਾਰਤ ਦੀ ਸਪੈਕਟ੍ਰਮ ਨਿਲਾਮੀ ਦੂਜੇ ਦਿਨ ਬੋਲੀ ਸ਼ੁਰੂ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਖ਼ਤਮ ਹੋ ਗਈ। ਇਸ ਵਿੱਚ ਦੂਰਸੰਚਾਰ ਕੰਪਨੀਆਂ ਨੇ ਕੁੱਲ 11,300 ਕਰੋੜ ਰੁਪਏ ਤੋਂ ਵੱਧ ਦਾ ਸਪੈਕ੍ਰਰਮ ਖਰੀਦਿਆ ਜੋ ਸਰਕਾਰ ਵੱਲੋਂ ਵਿਕਰੀ ਲਈ ਰੱਖੇ ਗਏ ਰੇਡੀਓ ਤਰੰਗਾਂ ਦੇ ਸੰਭਾਵੀ ਮੁੱਲ 96,238 ਕਰੋੜ ਰੁਪਏ ਦਾ 12 ਫੀਸਦ ਬਣਦਾ ਹੈ। ਸੂਤਰਾਂ ਨੇ ਦੱਸਿਆ ਕਿ ਨਿਲਾਮੀ ’ਚ 800 ਮੈਗਾਹਰਟਜ਼ ਤੋਂ 26 ਗੀਗਾਹਰਟਜ਼ ਵਿਚਾਲੇ ਕੁੱਲ 10 ਗੀਗਾਹਰਟਜ਼ ਸਪੈਕਟ੍ਰਮ ਦੀ ਪੇਸ਼ਕਸ਼ ਕੀਤੀ ਗਈ। ਇਸ ਦੌਰਾਨ ਕੁੱਲ 11,340 ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ। ਬੋਲੀ ਦੇ ਸੱਤ ਗੇੜਾਂ ’ਚ ਸਿਰਫ਼ 140-150 ਮੈਗਾਹਰਟਜ਼ ਹੀ ਵੇਚੇ ਗਏ ਹਨ। ਨਿਲਾਮੀ ਦੇ ਪਹਿਲੇ ਦਿਨ 25 ਜੂਨ ਨੂੰ ਪੰਜ ਗੇੜਾਂ ਦੀ ਬੋਲੀ ਲਾਈ ਗਈ ਸੀ ਪਰ ਅੱਜ ਬਹੁਤੀਆਂ ਬੋਲੀਆਂ ਨਾ ਲੱਗਣ ਕਾਰਨ ਅਧਿਕਾਰੀਆਂ ਨੇ ਕਰੀਬ ਸਾਢੇ 11 ਵਜੇ ਨਿਲਾਮੀ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਇਸ 2024 ਦੀ ਨਿਲਾਮੀ ਵਿੱਚ 800 ਮੈਗਾਹਾਰਟਜ਼, 900 ਮੈਗਾਹਾਰਟਜ਼, 1,800 ਮੈਗਾਹਾਰਟਜ਼, 2,100 ਮੈਗਾਹਾਰਟਜ਼, 2,300 ਮੈਗਾਹਾਰਟਜ਼, 2,500 ਮੈਗਾਹਾਰਟਜ਼, 3,300 ਮੈਗਾਹਾਰਟਜ਼ ਅਤੇ 26 ਗੀਗਾਹਾਰਟਜ਼ ਸਪੈਕਟ੍ਰਮ ਬੈਂਡਜ਼ ਦੀ ਪੇਸ਼ਕਸ਼ ਕੀਤੀ ਗਈ ਸੀ।