India Air Quality: ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਹੋਏ ਲਾਕ ਡਾਊਨ ਦਾ ਅਸਰ ਕੁਦਰਤ ‘ਤੇ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ । ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲਾਕ ਡਾਊਨ ਕਾਰਨ ਦੇਸ਼ ਦੇ 104 ਸ਼ਹਿਰਾਂ ਵਿੱਚੋਂ ਦੋ ਸ਼ਹਿਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਸ਼ਹਿਰਾਂ ਵਿੱਚ ਹਵਾ ਕਾਫ਼ੀ ਹੱਦ ਤੱਕ ਸਾਫ਼ ਹੋ ਗਈ ਹੈ । ਦਰਅਸਲ, ਇਹ ਪਹਿਲੀ ਵਾਰ ਹੋਇਆ ਹੈ ਕਿ ਮੌਸਮ ਦੀ ਹਲਚਲ ਅਤੇ ਕੋਰੋਨਾ ਵਾਇਰਸ ਕਾਰਨ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਕਾਰਨ ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਦੀ ਹਵਾ ਇੰਨੀ ਸਾਫ਼ ਹੋਈ ਹੋਵੇ । ਬੁੱਧਵਾਰ ਨੂੰ ਦਿੱਲੀ ਦੀ ਔਸਤ ਏਅਰ ਕੁਆਲਿਟੀ ਇੰਡੈਕਸ ਵੀ 77 ਅੰਕ ਯਾਨੀ ਤਸੱਲੀਬਖਸ਼ ਕੈਟਾਗਰੀ ਵਿੱਚ ਰਹੀ ।
ਕੋਰੋਨਾ ਵਾਇਰਸ ਹੋਰ ਫੈਲਣ ਤੋਂ ਰੋਕਣ ਲਈ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ । ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ 21 ਦਿਨਾਂ ਲਈ ਲਾਕ ਡਾਊਨ ਦਾ ਐਲਾਨ ਕੀਤਾ ਸੀ । ਜਿਸਨੇ ਸੜਕਾਂ ‘ਤੇ ਦੌੜਨ ਵਾਲੇ ਵਾਹਨਾਂ ਦੀ ਗਿਣਤੀ ਘਟਾ ਦਿੱਤੀ ਹੈ । ਇਸ ਦੇ ਨਤੀਜੇ ਵਜੋਂ ਵਾਤਾਵਰਣ ਵਿੱਚ ਪੀਐਮ 2.5 ਪ੍ਰਦੂਸ਼ਣ ਵਾਲੇ ਕਣਾਂ ਅਤੇ ਨਾਈਟ੍ਰੋਜਨ ਆਕਸਾਈਡਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਵਿੱਚ ਭਾਰੀ ਕਮੀ ਆਈ ਹੈ ।
ਹਾਲ ਹੀ ਵਿੱਚ ਕੇਂਦਰ ਵੱਲੋਂ ਚੱਲ ਰਹੀ ਸੰਸਥਾ ‘ਸਫ਼ਰ’ ਵੱਲੋਂ ਮੁੰਬਈ, ਪੁਣੇ, ਅਹਿਮਦਾਬਾਦ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਗਈ ਸੀ । ਇਪਰ ਇਸ ਲਾਕ ਡਾਊਨ ਵਿਚਾਲੇ ਹੁਣ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (CPCB) ਵੱਲੋਂ ਦੇਸ਼ ਦੇ ਹਰ ਰੋਜ਼ ਲਗਭਗ 104 ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਬਾਰੇ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ।
ਸੀਪੀਸੀਬੀ ਦੇ ਅਨੁਸਾਰ ਬੁੱਧਵਾਰ ਨੂੰ ਲਖਨਊ ਦੀ ਔਸਤਨ ਏਅਰ ਕੁਆਲਟੀ ਦਾ ਇੰਡੈਕਸ 220 ਅੰਕ ਅਤੇ ਮੁਜ਼ੱਫਰਪੁਰ ਦਾ ਇੰਡੈਕਸ 275 ਅੰਕ ‘ਤੇ ਰਿਹਾ । ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ ਵਿੱਚ ਹਵਾ ਦੀ ਗੁਣਵਤਾ 27, ਜਲੰਧਰ ਵਿੱਚ 35, ਕੋਚੀ ਵਿੱਚ 40, ਪੰਚਕੁਲਾ ਵਿੱਚ 43 ਰਹੀ ।