ਨਵੀਂ ਦਿੱਲੀ: ਸੈਨਾ ਨੇ ਸਰਕਾਰੀ ਆਰਡਨੈਂਸ ਫੈਕਟਰੀ ਬੋਰਡ (ਓਐਫਬੀ) ਤੋਂ ਸਪਲਾਈ ਹੋਣ ਵਾਲੇ ਗੋਲਾ ਬਾਰੂਦ ਨੂੰ ਬੇਹੱਦ ਘਟੀਆ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਘਟੀਆ ਬਾਰੂਦ ਨਾਲ ਤੋਪਾਂ, ਜੰਗੀ ਟੈਂਕਾਂ ਤੇ ਏਅਰ ਡਿਫੈਂਸ ਗਨ ਤੋਂ ਹੋਣ ਵਾਲੇ ਹਾਦਸਿਆਂ ਦੀ ਵਧਦੀ ਗਿਣਤੀ ‘ਤੇ ਚਿੰਤਾ ਜਤਾਈ ਹੈ। ਸੂਤਰਾਂ ਮੁਤਾਬਕ ਇਹ ਮੁੱਦਾ ਖਾਸ ਤੌਰ ‘ਤੇ ਰੱਖਿਆ ਉਤਪਾਦਨ ਸਕੱਤਰ ਅਜੈ ਕੁਮਾਰ ਸਾਹਮਣੇ ਚੁੱਕਿਆ ਗਿਆ ਹੈ।
ਫੌਜ ਵੱਲੋਂ ਕਿਹਾ ਗਿਆ ਹੈ ਕਿ ਘਟੀਆ ਗੋਲਾ ਬਾਰੂਦ ਦੇ ਚੱਲਦੇ ਪਿਛਲੇ ਕਈ ਸਾਲਾਂ ਤੋਂ ਸੈਨਾ ਦੇ ਕਈ ਪ੍ਰਮੁੱਖ ਹਥਿਆਰਾਂ ਨੂੰ ਨੁਕਸਾਨ ਹੋ ਰਿਹਾ ਹੈ। ਸੈਨਾ ਦੇ ਕਹਿਣ ‘ਤੇ ਰੱਖਿਆ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ। ਇਸ ‘ਚ ਪਤਾ ਚੱਲਦਾ ਹੈ ਕਿ ਓਐਫਬੀ ਗੋਲਾ ਬਾਰੂਦ ਦੀ ਕੁਆਲਟੀ ਸੁਧਾਰਨ ਲਈ ਗੰਭੀਰ ਨਹੀਂ ਹੈ।
ਓਐਫਬੀ ਦਾ ਦਾਅਵਾ ਹੈ ਕਿ ਕੁਆਲਟੀ ਕੰਟ੍ਰੋਲ ਡਿਪਾਰਟਮੈਂਟ ਡਾਇਰੈਕਟਰੇਟ ਜਨਰਲ ਆਫ ਕੁਆਲਟੀ ਐਸ਼ਓਰੈਂਸ ਨੇ ਡੂੰਘੀ ਜਾਂਚ ਤੋਂ ਬਾਅਦ ਹੀ ਸੈਨਾ ਨੂੰ ਗੋਲਾ ਬਾਰੂਦ ਸਪਲਾਈ ਕੀਤਾ ਜਾਂਦਾ ਹੈ। ਕਈ ਟੈਸਟਾਂ ਤੋਂ ਬਾਅਦ ਹੀ ਗੋਲਾ ਬਾਰੂਦ ਭੇਜਿਆ ਜਾਂਦਾ ਹੈ। ਓਐਫਬੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਸਿਰਫ ਗੋਲਾ ਬਾਰੂਦ ਦੇ ਨਿਰਮਾਣ ਤੋਂ ਸਪਲਾਈ ਤਕ ਹੈ। ਸੈਨਾ ਉਸ ਨੂੰ ਕਿਵੇਂ ਰੱਖਦੀ ਹੈ, ਇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।