ਪ੍ਰਗਤੀ ਮੈਦਾਨ ’ਚ ਬਣਿਆ ਭਾਰਤ ਮੰਡਪਮ ਜੋ ਦੋ ਦਿਨਾਂ ਤੋਂ ਦੇਸ਼ ਦੁਨੀਆਂ ’ਚ ਸ਼ਕਤੀ ਤੇ ਲੱਖਾਂ ਕਰੋੜਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੈ, ਉਸ ’ਚ ਅੱਗੇ ਤੋਂ “ਖ਼ਾਸ” ਪ੍ਰੋਗਰਾਮ ਹੀ ਹੋਣਗੇ। ਇਸ ਨੂੰ ਅੰਦਰੋਂ ਦੇਖ ਸਕਣਾ ਵੀ ਹਰ ਕਿਸੇ ਲਈ ਸੰਭਵ ਨਹੀਂ ਹੋਵੇਗਾ। ਵੱਖਰੇ ਮੇਲੇ-ਪ੍ਰਦਰਸ਼ਨੀਆਂ ਲਈ ਪ੍ਰਗਤੀ ਮੈਦਾਨ ’ਚ ਜਾਣ ਵਾਲੇ ਦਰਸ਼ਕ ਵੀ ਇਸ ਨੂੰ ਸਿਰਫ਼ ਬਾਹਰ ਤੋਂ ਹੀ ਦੇਖ ਸਕਣਗੇ।
ਜਾਣਕਾਰੀ ਅਨੁਸਾਰ ਇਹ ਭਾਰਤ ਮੰਡਪਮ ਵਿਦੇਸ਼ ਮੰਤਰਾਲੇ ਦੇ ਕਬਜ਼ੇ ’ਚ ਹੈ ਪਰ ਬਹੁਤ ਹੀ ਜਲਦ ਇਸ ਨੂੰ ਮੁੜ ਆਈਟੀਪੀਓ ਨੂੰ ਸੌਂਪ ਦਿੱਤਾ ਜਾਵੇਗਾ।
ਸਿਰਫ਼ ਵੱਡੇ ਸਮਾਗਮ ਹੋਣਗੇ
ਫਿਲਹਾਲ ਜਿਸ ਤਰ੍ਹਾਂ ਦੇ ਪ੍ਰੋਗਰਾਮ ਵਿਗਿਆਨ ਭਵਨ ’ਚ ਹੁੰਦੇ ਹਨ, ਕਮੋਬੇਸ਼ ਵਰਗੇ ਹੀ ਜਾਂ ਉਸ ਤੋਂ ਵੱਡੇ ਸਮਾਗਮ ਇੱਥੇ ਕੀਤੇ ਜਾਣਗੇ। ਆਈਟੀਪੀਓ ਅਧਿਕਾਰੀਆਂ ਅਨੁਸਾਰ ਭਾਰਤ ਮੰਡਪਮ ’ਚ ਨਾ ਕੋਈ ਮੇਲਾ ਲੱਗੇਗਾ ਤੇ ਨਾ ਪ੍ਰਦਰਸ਼ਨੀ ਹੋਵੇਗੀ। ਨਾ ਹੀ ਇਸ ਨੂੰ ਦੇਖਣ ਲਈ ਆਮ ਲੋਕਾਂ ਨੂੰ ਇਸ ’ਚ ਆਉਣ ਦਿੱਤਾ ਜਾਵੇਗਾ।
ਇਸ ਮੰਡਪਮ ’ਚ ਕੇਵਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਸੰਮੇਲਨ ਤੇ ਬੈਠਕਾਂ ਕਰਵਾਈਆਂ ਜਾਣਗੀਆਂ। ਉਸ ਦੌਰਾਨ ਵੀ ਇਸ ’ਚ ਕੇਵਲ ਉਹ ਲੋਕ ਅੰਦਰ ਜਾ ਸਕਣਗੇ, ਜਿਨ੍ਹਾਂ ਨੂੰ ਉਸ ਪ੍ਰੋਗਰਾਮ ’ਚ ਬੁਲਾਇਆ ਹੋਵੇਗਾ।
ਫੀਚਰਜ਼ ਪ੍ਰਭਾਵਿਤ ਹੋਣ ਦਾ ਜ਼ੋਖ਼ਮ
ਇਸ ਨੂੰ ਆਮ ਸਮਾਗਮਾਂ ਲਈ ਖੋਲ੍ਹ ਕੇ ਉਸ ਦੀਆਂ ਵਿਸ਼ੇਸ਼ਤਾਵਾਂ ਪ੍ਰਭਾਵਿਤ ਕਰਨ ਦਾ ਜ਼ੋਖ਼ਮ ਨਹੀਂ ਲਿਆ ਜਾ ਸਕਦਾ। ਆਈਟੀਪੀਓ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ G20 ਦੇ ਚੱਲਦੇ ਭਾਰਤ ਮੰਡਪਮ ਦੀ ਮਹੱਤਤਾ ਤੇ ਇਸ ਦੀ ਲੋਕਪ੍ਰਿਯਤਾ ਹੋਰ ਜ਼ਿਆਦਾ ਵੱਧ ਗਈ ਹੈ।
ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਦੇ ਸਾਰੇ ਮੰਤਰਾਲੇ ਆਪਣੇ ਸਮਾਗਮਾਂ ਲਈ ਇਸ ਦੀ ਬੁਕਿੰਗ ਕਰਵਾਉਣਾ ਚਾਹੁੰਦੇ ਹਨ। ਕੁਝ ਬੁਕਿੰਗਾਂ ਹੋ ਵੀ ਗਈਆਂ ਹਨ ਤੇ ਕਈ ਸਮਾਗਮਾਂ ਲਈ ਗੱਲਬਾਤ ਚੱਲ ਰਹੀ ਹੈ।
ਹਟਾਏ ਜਾ ਸਕਦੇ ਹਨ ਲੇਜਰ ਸ਼ੋਅ ਤੇ ਫੁਵਾਰੇ
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਅੰਤਰਰਾਸ਼ਟਰੀ ਵਪਾਰ ਮੇਲੇ ਤੇ ਵਿਸ਼ਵ ਪੁਸਤਕ ਮੇਲੇ ’ਚ ਵੀ ਸਿਰਫ਼ ਕੁਝ ਵਪਾਰਕ ਬੈਠਕਾਂ ਲਈ ਹੀ ਇਸ ਮੰਡਪਮ ’ਚ ਆਗਿਆ ਦਿੱਤੀ ਜਾ ਸਕਦੀ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਮੰਡਪਮ ਦੇ ਬਾਹਰ ਲੇਜ਼ਰ ਸ਼ੋਅ ਤੇ ਸੰਗੀਤਕ ਫੁਵਾਰਿਆ ਨੂੰ ਹਟਾ ਲਿਆ ਜਾਵੇਗਾ।