Nirbhaya convict moves HC: ਨਿਰਭਿਆ ਕੇਸ ਦੇ ਦੋਸ਼ੀ ਪਵਨ ਗੁਪਤਾ ਨੇ 20 ਮਾਰਚ ਨੂੰ ਹੋਣ ਵਾਲੀ ਫਾਂਸੀ ਤੋਂ ਬਚਣ ਲਈ ਇੱਕ ਨਵੀ ਚਾਲ ਚੱਲੀ ਹੈ। ਹੁਣ ਉਹ ਹੇਠਲੀ ਅਦਾਲਤ ਦੇ ਇੱਕ ਫੈਸਲੇ ਵਿਰੁੱਧ ਹਾਈ ਕੋਰਟ ਪਹੁੰਚ ਗਿਆ ਹੈ। ਪਵਨ ਨੇ ਨਿਰਭਿਆ ਕੇਸ ਦੇ ਇਕਲੌਤੇ ਗਵਾਹ ਅਤੇ ਨਿਰਭਿਆ ਦੇ ਦੋਸਤ ਅਵੀਨਿੰਦਰਾ ਦੀ ਗਵਾਹੀ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕੇ ਹਨ। ਪਵਨ ਦਾ ਕਹਿਣਾ ਹੈ ਕਿ ਗਵਾਹ ਨੂੰ ਬਿਆਨ ਦੇਣਾ ਸਿਖਾਇਆ ਗਿਆ ਸੀ ਅਤੇ ਇਸੇ ਲਈ ਉਸ ਦਾ ਬਿਆਨ ਭਰੋਸੇਯੋਗ ਨਹੀਂ ਹੈ। ਦੱਸ ਦੇਈਏ ਕਿ ਨਿਰਭਿਆ ਦੇ ਦੋਸਤ ਅਵੀਨਿੰਦਰਾ ਦੀ ਗਵਾਹੀ ਨੂੰ ਪਵਨ ਨੇ ਹੇਠਲੀ ਅਦਾਲਤ ਵਿੱਚ ਵੀ ਚੁਣੌਤੀ ਦਿੱਤੀ ਸੀ, ਜਿਥੇ ਉਸ ਦੀ ਅਪੀਲ ਖਾਰਜ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪਵਨ ਨੇ ਹੁਣ ਹਾਈ ਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਹੈ।
ਨਿਰਭਿਆ ਕੇਸ ਦੇ ਦੋਸ਼ੀ ਪਵਨ ਗੁਪਤਾ ਨੇ ਆਪਣੇ ਸਾਰੇ ਕਾਨੂੰਨੀ ਵਿਕਲਪ ਖਤਮ ਹੋਣ ਦੇ ਬਾਅਦ ਵੀ ਅਦਾਲਤ ਤੋਂ ਫਾਂਸੀ ਮੁਲਤਵੀ ਕਰਵਾਓਣ ਲਈ ਇਹ ਰਸਤਾ ਚੁਣਿਆ ਹੈ। ਇਸ ਵਾਰ ਉਸ ਨੇ ਮੰਡੋਲੀ ਜੇਲ ਦੇ ਦੋ ਪੁਲਿਸ ਮੁਲਾਜ਼ਮਾਂ ‘ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਹਮਲੇ ਨਾਲ ਉਸ ਦੇ ਸਿਰ ਵਿੱਚ ਗੰਭੀਰ ਰੂਪ ‘ਚ ਸੱਟ ਲੱਗੀ ਸੀ। ਇਸ ਲਈ ਪੁਲਿਸ ਨੂੰ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਐਫ.ਆਈ.ਆਰ ਦਰਜ ਕਰਨ ਦੀ ਹਦਾਇਤ ਕੀਤੀ ਜਾਵੇ। ਨਿਰਭਿਆ, ਪਵਨ, ਅਕਸ਼ੈ, ਵਿਨੈ ਅਤੇ ਅਕਸ਼ੇ ਦੇ ਚਾਰ ਦੋਸ਼ੀਆਂ ਨੂੰ 20 ਮਾਰਚ ਦੀ ਸਵੇਰ ਫਾਂਸੀ ਦਿੱਤੀ ਜਾਣੀ ਹੈ।
ਕੜਕੜਡੂਮਾਂ ਜ਼ਿਲ੍ਹਾ ਅਦਾਲਤ ਦੇ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਨੇ ਪਵਨ ਦੀ ਅਰਜ਼ੀ ਨੂੰ ਗੰਭੀਰਤਾ ਨਾਲ ਲੈਂਦਿਆਂ ਮੰਡੋਲੀ ਜੇਲ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਦਿਆਂ ਵੀਰਵਾਰ ਯਾਨੀ 12 ਮਾਰਚ ਤੱਕ ਇਸ ਦਾ ਜਵਾਬ ਮੰਗਿਆ ਹੈ। ਅਦਾਲਤ ਸਾਹਮਣੇ ਪਵਨ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਜੇਲ੍ਹ ਵਿੱਚ ਉਸ ਦੇ ਮੁਵੱਕਿਲ ‘ਤੇ ਪੁਲਿਸ ਮੁਲਾਜ਼ਮਾਂ ਵੱਲੋਂ ਕੀਤਾ ਹਮਲਾ ਉਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਕੈਦੀ ਨੂੰ ਇਸ ਤਰ੍ਹਾਂ ਕੁੱਟਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇ ਕਿਸੇ ਦੋਸ਼ੀ ਨੂੰ ਫਾਂਸੀ ਦੇ ਸਮੇਂ ਗੰਭੀਰ ਸੱਟ ਲੱਗਦੀ ਹੈ ਤਾਂ ਉਸ ਦੇ ਇਲਾਜ ਹੋਣ ਤੱਕ ਫਾਂਸੀ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਪੁਲਿਸ ਮੁਲਾਜ਼ਮਾਂ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਪਵਨ ਨਾਲ ਕੁੱਟਮਾਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਿਰਭਿਆ ਦੇ ਹੋਰ ਦੋਸ਼ੀ ਵਿਨੈ ਸ਼ਰਮਾ ਨੇ 9 ਮਾਰਚ ਨੂੰ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਇੱਕ ਅਰਜ਼ੀ ਭੇਜ ਕੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ। ਵਿਨੈ ਸ਼ਰਮਾ ਦੇ ਵਕੀਲ ਏਪੀ ਸਿੰਘ ਨੇ ਆਪਣੇ ਮੁਵੱਕਲ ਨੂੰ ਰਾਹਤ ਦੀ ਮੰਗ ਕਰਦਿਆਂ ਧਾਰਾ 432 ਅਤੇ 433 ਤਹਿਤ ਐਲਜੀ ਕੋਲ ਪਟੀਸ਼ਨ ਦਾਖਿਲ ਕੀਤੀ ਸੀ।