ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਕਥਿਤ ਡਰੱਗ ਮਾਫ਼ੀਆ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਯਾਗਾਨਾਥਨ ਪਿਲਈ ਨੂੰ ਦਿਨਦਿਹਾੜੇ ਉਸ ਦੇ ਘਰ ‘ਚ ਦਾਖਲ ਹੋ ਕੇ ਮਾਰ ਦਿੱਤਾ। ਹੱਤਿਆ ਪਿੱਛੋਂ ਪਿਲਈ ਦੇ ਸਮਰਥਕਾਂ ਨੇ ਦੋ ਸ਼ੱਕੀ ਹੱਤਿਆਰਿਆਂ ਨੂੰ ਫੜ ਕੇ ਉਨ੍ਹਾਂ ਦਾ ਸਿਰ ਕੱਟ ਦਿੱਤਾ ਅਤੇ ਲਾਸ਼ ਨੂੰ ਸਾੜ ਦਿੱਤਾ।
ਪੁਲਿਸ ਅਨੁਸਾਰ ਟੈਡੀ ਮਾਫ਼ੀਆ ਦੇ ਨਾਂ ਨਾਲ ਚਰਚਿਤ ਯਾਗਾਨਾਥਨ ਪਿਲਈ ਡਰਬਨ ਦੇ ਚੇਟਸਵਰਥ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਕਾਲੋਨੀ ਵਿਚ ਰਹਿੰਦਾ ਸੀ।
ਘਟਨਾ ਸਮੇਂ ਪੁੱਤਰੀ, ਪਿਤਾ ਅਤੇ ਇਕ ਹੋਰ ਵਿਅਕਤੀ ਘਰ ਵਿਚ ਸਨ। ਹਮਲਾਵਰਾਂ ਨੇ ਉਸ ਦੀ ਖੋਪਰੀ ਵਿਚ ਦੋ ਗੋਲ਼ੀਆਂ ਮਾਰੀਆਂ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਪਿੱਛੋਂ ਉਸ ਦੇ ਸਮਰਥਕ ਇਕੱਠੇ ਹੋ ਗਏ। ਉਨ੍ਹਾਂ ਦੋ ਸ਼ੱਕੀ ਹੱਤਿਆਰਿਆਂ ਨੂੰ ਫੜ ਕੇ ਉੱਥੇ ਸੜਕ ‘ਤੇ ਮਾਰ ਦਿੱਤਾ ਅਤੇ ਲਾਸ਼ਾਂ ਨੂੰ ਅੱਗ ਲਗਾ ਦਿੱਤੀ। ਪਿਲਈ ਦੇ ਬਾਰੇ ਵਿਚ ਲੋਕਾਂ ਦਾ ਕਹਿਣਾ ਹੈ ਕਿ ਉਸ ਦੀ ਰਾਬਿਨਹੁੱਡ ਵਰਗੀ ਸਾਖ ਸੀ। ਉਹ ਆਪਣੇ ਭਾਈਚਾਰੇ ਦੀ ਬਹੁਤ ਮਦਦ ਕਰਦਾ ਸੀ। ਇਹੀ ਕਾਰਨ ਹੈ ਕਿ ਉਸ ਦੀ ਹੱਤਿਆ ਦੀ ਖ਼ਬਰ ਮਿਲਦੇ ਹੀ ਲੋਕਾਂ ਦਾ ਹਜ਼ੂਮ ਉੱਥੇ ਇਕੱਠਾ ਹੋ ਗਿਆ। ਪੁਲਿਸ ਨੂੰ ਉਨ੍ਹਾਂ ਨੂੰ ਖਦੇੜਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਇਸ ਤੋਂ ਪਹਿਲੇ ਪਿਲਈ ਦੇ 32 ਸਾਲਾਂ ਦੇ ਪੁੱਤਰ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। 59 ਸਾਲਾਂ ਦੇ ਪਿਲਈ ਦੇ ਘਰ ਵਿਚ ਪਿਛਲੇ ਸਾਲ ਅਪ੍ਰਰੈਲ ਵਿਚ ਪੁਲਿਸ ਨੇ ਛਾਪਾ ਮਾਰ ਕੇ ਨਾਜਾਇਜ਼ ਹਥਿਆਰ ਬਰਾਮਦ ਕੀਤੇੇ ਸਨ।