ਪੀਟੀਆਈ, ਜੰਮੂ : ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਮਿੰਨੀ ਬੱਸ ਖਾਈ ਵਿੱਚ ਡਿੱਗ ਗਈ, ਜਿਸ ਕਾਰਨ 30 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਨਰਸਿੰਗ ਕਾਲਜ ਦੇ ਵਿਦਿਆਰਥੀ ਸਨ ਜਦੋਂ ਮੰਗਲਵਾਰ ਨੂੰ ਊਧਮਪੁਰ ਜ਼ਿਲ੍ਹੇ ‘ਚ ਇਕ ਨਿੱਜੀ ਮਿੰਨੀ ਬੱਸ ਸੜਕ ਤੋਂ ਫਿਸਲ ਕੇ ਖਾਈ ‘ਚ ਡਿੱਗ ਗਈ।
ਇਹ ਹਾਦਸਾ ਦੁਪਹਿਰ ਕਰੀਬ 12:30 ਵਜੇ ਵਾਪਰਿਆ
ਉਨ੍ਹਾਂ ਦੱਸਿਆ ਕਿ ਮਿੰਨੀ ਬੱਸ ਸਲਮਾਰੀ ਤੋਂ ਊਧਮਪੁਰ ਜਾ ਰਹੀ ਸੀ ਕਿ ਦੁਪਹਿਰ ਕਰੀਬ 12.30 ਵਜੇ ਫਾਰਮਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਈ। ਅਧਿਕਾਰੀਆਂ ਨੇ ਤੁਰੰਤ ਬਚਾਅ ਮੁਹਿੰਮ ਚਲਾਈ ਅਤੇ 30 ਯਾਤਰੀਆਂ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਹਸਪਤਾਲ, ਊਧਮਪੁਰ ਪਹੁੰਚਾਇਆ।
ਜਾਣਕਾਰੀ ਮੁਤਾਬਕ ਜ਼ਖਮੀਆਂ ‘ਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਜੰਮੂ ਭੇਜਿਆ ਜਾ ਰਿਹਾ ਹੈ। ਊਧਮਪੁਰ ਦੀ ਡਿਪਟੀ ਕਮਿਸ਼ਨਰ ਸਲੋਨੀ ਰਾਏ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ।
ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਮਿੰਨੀ ਬੱਸ ਵਿੱਚ 30 ਤੋਂ 35 ਦੇ ਕਰੀਬ ਲੋਕ ਸਵਾਰ ਸਨ। ਬ੍ਰੇਕ ਫੇਲ੍ਹ ਹੋਣ ਕਾਰਨ ਬੱਸ ਖਾਈ ਵਿੱਚ ਜਾ ਡਿੱਗੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਜਾਵੇਗੀ।