46.83 F
New York, US
December 29, 2024
PreetNama
ਖਾਸ-ਖਬਰਾਂ/Important News

ਧਾਰਾ 370 ਦੀ ਪਹਿਲੀ ਵਰ੍ਹੇਗੰਢ ‘ਤੇ ਇਮਰਾਨ ਖ਼ਾਨ ਦਾ ਵੱਡਾ ਐਲਾਨ

ਨਵੀਂ ਦਿੱਲੀ:ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਦਾ ਨਵਾਂ ਨਕਸ਼ਾ ਜਾਰੀ ਕੀਤਾ, ਜਿਸ ਵਿੱਚ ਮਕਬੂਜ਼ਾ ਕਸ਼ਮੀਰ ਨੂੰ ਆਪਣੇ ਹਿੱਸੇ ਵਜੋਂ ਵਿਖਾਇਆ ਗਿਆ ਹੈ। ਇਮਰਾਨ ਨੇ ਇਸ ਦਿਨ ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਕਿਹਾ ਕਿ ਨਵਾਂ ਨਕਸ਼ਾ ਪਾਕਿਸਤਾਨ ਦੀ ਜਨਤਾ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਦਾ ਹੈ।

ਪਾਕਿਸਤਾਨ ਨੇ 5 ਅਗਸਤ ਨੂੰ ‘ਯੌਮ-ਏ-ਇਸਤੇਹਸਲ’ ਯਾਨੀ ਸ਼ੋਸ਼ਣ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਮਰਾਨ ਖ਼ਾਨ ਸਰਕਾਰ ਨੇ ਕਸ਼ਮੀਰੀ ਲੋਕਾਂ ਨਾਲ ਇਕਜੁੱਟਤਾ ਦੇ ਪ੍ਰਗਟਾਵੇ ਵਜੋਂ ਰਾਜਧਾਨੀ ਇਸਲਾਮਾਬਾਦ ਵਿੱਚ ਆਪਣੇ ਮੁੱਖ ‘ਕਸ਼ਮੀਰ ਸ਼ਾਹਰਾਹ’ ਦਾ ਨਾਂ ਬਦਲ ਕੇ ‘ਸ੍ਰੀਨਗਰ ਸ਼ਾਹਰਾਹ’ ਰੱਖ ਦਿੱਤਾ ਹੈ।

ਪਾਕਿਸਤਾਨ ਕੈਬਨਿਟ ਵੱਲੋਂ ਪ੍ਰਵਾਨਤ ਨਵੇਂ ਸਿਆਸੀ ਨਕਸ਼ੇ ਵਿੱਚ ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇੱਕ ਹਿੱਸੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਨਵੇਂ ਨਕਸ਼ੇ ‘ਚ ਵਿੱਚ ਦਰਸਾਏ ਇਲਾਕੇ ਉਸ ਦੇ ਹਨ।

ਨਕਸ਼ੇ ਵਿੱਚ ਗੁਜਰਾਤ ਦੇ ਜੂਨਾਗੜ੍ਹ, ਮਾਨਾਵਡਾਰ ਤੇ ਸਰ ਕਰੀਕ ਨੂੰ ਵੀ ਪਾਕਿਸਤਾਨ ਦੇ ਹਿੱਸੇ ਵਜੋਂ ਦਿਖਾਇਆ ਗਿਆ ਹੈ। ਪਾਕਿਸਤਾਨ ਨੇ ਇਹ ਨਕਸ਼ਾ ਧਾਰਾ 370 ਦੀ ਪਹਿਲੀ ਵਰ੍ਹੇਗੰਢ ਮੌਕੇ ਪੇਸ਼ ਕੀਤਾ ਹੈ।

ਇਮਰਾਨ ਖ਼ਾਨ ਨੇ ਨਵਾਂ ਨਕਸ਼ਾ ਜਾਰੀ ਕਰਦਿਆਂ ਦਾਅਵਾ ਕੀਤਾ, “ਅੱਜ ਅਸੀਂ ਪੂਰੀ ਦੁਨੀਆ ਅੱਗੇ ਪਾਕਿਸਤਾਨ ਦਾ ਨਵਾਂ ਨਕਸ਼ਾ ਪੇਸ਼ ਕਰ ਰਹੇ ਹਾਂ, ਜਿਸ ਨੂੰ ਪਾਕਿਸਤਾਨ ਕੈਬਨਿਟ, ਵਿਰੋਧੀ ਧਿਰ ਤੇ ਕਸ਼ਮੀਰੀ ਲੀਡਰਸ਼ਿਪ ਦੀ ਹਮਾਇਤ ਹਾਸਲ ਹੈ।” ਇਮਰਾਨ ਨੇ ਕਿਹਾ ਇਸ ਨਵੇਂ ਨਕਸ਼ੇ ਨਾਲ ਭਾਰਤ ਵੱਲੋਂ ਪਿਛਲੇ ਸਾਲ 5 ਅਗਸਤ ਨੂੰ ਕੀਤੀ ਗੈਰਕਾਨੂੰਨੀ ਪੇਸ਼ਕਦਮੀ ਰੱਦ ਹੋ ਜਾਵੇਗੀ।

ਪਾਕਿਸਤਾਨ ਹੁਣ ਤਕ ਅਧਿਕਾਰਤ ਤੌਰ ’ਤੇ ਮਕਬੂਜ਼ਾ ਕਸ਼ਮੀਰ ਅਧੀਨ ਆਉਂਦੇ ਸਾਰੇ ਇਲਾਕਿਆਂ ਨੂੰ ਆਪਣਾ ਦੱਸਣ ਤੋਂ ਝਿਜਕਦਾ ਰਿਹਾ ਹੈ। ਗਿਲਗਿਤ ਬਾਲਟਿਸਤਾਨ ਨੂੰ ਉਹ ਆਪਣਾ ਇਲਾਕਾ ਤੇ ਬਾਕੀ ਬਚਦੇ ਨੂੰ ‘ਆਜ਼ਾਦ ਕਸ਼ਮੀਰ’ ਦੱਸਦਾ ਆਇਆ ਹੈ।

ਇੱਧਰ ਭਾਰਤ ਨੇ ਪਾਕਿਸਤਾਨ ਵੱਲੋਂ ਨਵਾਂ ਸਿਆਸੀ ਨਕਸ਼ਾ ਜਾਰੀ ਕੀਤੇ ਜਾਣ ਨੂੰ ਹਾਸੋਹੀਣਾ ਤੇ ਬੇਤੁਕਾ ਕਰਾਰ ਦਿੱਤਾ ਹੈ। ਭਾਰਤ ਦਾ ਕਹਿਣਾ ਹੈ ਕਿ ਇਸ ਨਕਸ਼ੇ ਦੀ ਨਾ ਤਾਂ ਕੋਈ ਕਾਨੂੰਨੀ ਮਾਨਤਾ ਹੈ ਤੇ ਨਾ ਹੀ ਅੰਤਰ ਰਾਸ਼ਟਰੀ ਪੱਧਰ ਤੇ ਇਸ ਦੀ ਕੋਈ ਭਰੋਸੇਯੋਗਤਾ ਹੈ।

Related posts

ਮੌਜਪੁਰ ‘ਚ CAA ਵਿਰੁੱਧ ਚੱਲ ਰਹੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਸਾਹਮਣੇ ਹੋਈ ਗੋਲੀਬਾਰੀ

On Punjab

UK Flights Grounded: ਬਰਤਾਨੀਆ ‘ਚ ਉਡਾਣ ਸੇਵਾ ‘ਤੇ ਪਿਆ ਅਸਰ, ਤਕਨੀਕੀ ਖਰਾਬੀ ਕਾਰਨ ਲੰਡਨ ‘ਚ ਰੋਕੀ ਗਈ ਜਹਾਜ਼ਾਂ ਦੀ ਆਵਾਜਾਈ ਬੰਦ

On Punjab

ਰਾਮ ਰਹੀਮ ਦੋਸ਼ੀ ਕਰਾਰ, ਸਜ਼ਾ ਦਾ ਫੈਸਲਾ 17 ਜਨਵਰੀ

Pritpal Kaur