ਧਿਆਨ, ਯੋਗ ਤੇ ਪ੍ਰਾਣਾਯਾਮ ਸਾਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਪੂਰੀ ਤਰ੍ਹਾਂ ਸਿਹਤਮੰਦ ਰੱਖਦੇ ਹਨ। ਇਹ ਸਾਡੀ ਜੀਵਨ ਸ਼ੈਲੀ ਦਾ ਪੁਰਾਤਣ ਸਮੇਂ ਤੋਂ ਹਿੱਸਾ ਹਨ। ਹੁਣ ਵਿਗਿਆਨੀਆਂ ਦੇ ਸ਼ੋਧ ’ਚ ਵੀ ਇਹੀ ਗੱਲ ਸਾਹਮਣੇ ਆ ਰਹੀ ਹੈ। ਇਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਧਿਆਨ ਲਗਾਉਣ (ਮੈਡੀਟੇਸ਼ਨ) ਨਾਲ ਯਾਦਸ਼ਕਤੀ ਤੇਜ਼ ਹੁੰਦੀ ਹੈ ਤੇ ਦਿਮਾਗ਼ ਪੂਰੀ ਤਰ੍ਹਾਂ ਸਰਗਰਮ ਬਣਿਆ ਰਹਿੰਦਾ ਹੈ।
ਇਹ ਅਧਿਐਨ ਨਿਊਯਾਰਕ ਦੀ ਬਿੰਘਮਟਨ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਠ ਹਫ਼ਤੇ ਤਕ ਨਿਯਮਿਤ ਤੌਰ ’ਤੇ ਧਿਆਨ ਲਗਾਉਣ ਨਾਲ ਦਿਮਾਗ਼ ਤੇਜ਼ੀ ਨਾਲ ਸਰਗਰਮ ਹੋਣ ਲਗਦਾ ਹੈ ਤੇ ਯਾਦਸ਼ਕਤੀ ਵਧਣ ਲਗਦੀ ਹੈ।
ਅਧਿਐਨ ਜਰਨਲ ਸਾਇੰਟਿਫਿਕ ਰਿਪੋਰਟਸ ’ਚ ਪ੍ਰਕਾਸ਼ਿਤ ਹੋਇਆ ਹੈ। ਅਜਿਹੇ ਲੋਕ ਜੋ ਧਿਆਨ ਲਗਾਉਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ। ਰੌਲੇ-ਰੱਪੇ ਦੀ ਜ਼ਿੰਦਗੀ ਤੋਂ ਉਨ੍ਹਾਂ ਨੂੰ ਆਰਾਮ ਮਿਲਦਾ ਹੈ। ਹਿੰਦੂ ਤੇ ਬੋਧ ਧਰਮ ’ਚ ਧਿਆਨ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ।
ਅਧਿਐਨ ’ਚ ਵਿਗਿਆਨਕ ਤੌਰ ’ਤੇ ਮਨੁੱਖੀ ਦਿਮਾਗ਼ ’ਤੇ ਧਿਆਨ ਦੇ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਸਪਸ਼ਟ ਨਹੀਂ ਕੀਤਾ ਜਾ ਸਕਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਧਿਆਨ ਲਗਾਉਣ ਦਾ ਅਧਿਐਨ ਕਰਨ ’ਤੇ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ। ਇਨ੍ਹਾਂ ਵਿਦਿਆਰਥੀਆਂ ਦੇ ਧਿਆਨ ਲਗਾਉਣ ਤੋਂ ਦੋ ਮਹੀਨੇ ’ਚ ਹੀ ਦਿਮਾਗ਼ ’ਚ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਗਏ। ਸ਼ੋਧਕਰਤਾਵਾਂ ’ਚੋਂ ਕਈ ਨੇ ਧਿਆਨ ਲਗਾਉਣ ਤੋਂ ਬਾਅਦ ਖ਼ੁਦ ਵੀ ਇਸ ਦੇ ਪ੍ਰਭਾਵਾਂ ਨੂੰ ਮਹਿਸੂਸ ਕੀਤਾ। ਇਕ ਸ਼ੋਧਕਰਤਾ ਜਾਰਜ ਬੈਂਸਚੇਂਕ ਨੇ ਦੱਸਿਆ ਕਿ ਧਿਆਨ ਲਗਾਉਣ ਦੇ ਦਿਮਾਗ਼ ’ਤੇ ਜ਼ਬਰਦਸਤ ਅਸਰ ਹੁੰਦੇ ਹਨ ਤੇ ਯਾਦਸ਼ਕਤੀ ਵੀ ਤੇਜ਼ ਹੁੰਦੀ ਹੈ।