ਬਰੇਲੀ: ਉਂਝ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਚਮਤਕਾਰ ਤਾਂ ਸਿਰਫ ਕਿੱਸੇ-ਕਹਾਣੀਆਂ ‘ਚ ਹੀ ਹੁੰਦੇ ਹਨ ਪਰ ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਅਜਿਹਾ ਕਿੱਸਾ ਸੱਚ ‘ਚ ਹੋਇਆ ਹੈ। ਜਿੱਥੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਰੱਬ ਜਦੋਂ ਇੱਕ ਹੱਥ ਨਾਲ ਕੁਝ ਲੈਂਦਾ ਹੈ ਤਾਂ ਦੂਜੇ ਹੱਥ ਦਿੰਦਾ ਵੀ ਹੈ। ਅਸਲ ‘ਚ ਬਰੇਲੀ ਦਾ ਇੱਕ ਵਿਅਕਤੀ ਕੁੱਛੜ ‘ਚ ਆਪਣੀ ਧੀ ਨੂੰ ਲੈ ਸ਼ਮਸ਼ਾਨ ਘਾਟ ਗਿਆ। ਉਸ ਨੂੰ ਦਫਨ ਕਰਨ ਲਈ ਜਦੋਂ ਖੁਦਾਈ ਕਰਨੀ ਸ਼ੁਰੂ ਕੀਤੀ ਤਾਂ ਤਿੰਨ ਫੁੱਟ ਹੇਠ ਕਹੀ ਘੜੇ ਨਾਲ ਟੱਕਰਾ ਗਈ। ਜਦੋਂ ਘੜੇ ਨੂੰ ਬਾਹਰ ਕੱਢਿਆ ਗਿਆ ਤਾਂ ਉਸ ‘ਚ ਇੱਕ ਜ਼ਿੰਦਗੀ ਸਾਹ ਲੈ ਰਹੀ ਸੀ।
ਸਭ ਵੇਖ ਕੇ ਹੈਰਾਨ ਸੀ ਕਿ ਉਸ ‘ਚ ਇੱਕ ਨਵ ਜਨਮੀ ਬੱਚੀ ਹੈ। ਉਸ ਨੂੰ ਲੈ ਉਸ ਸਖ਼ਸ ਨੇ ਸਾਰੀ ਪ੍ਰਕੀਰਿਆ ਪੂਰੀ ਕੀਤੀ ਤੇ ਜ਼ਿਉਦੀ ਬੱਚੀ ਨੂੰ ਲੈ ਘਰ ਪਹੁੰਚ ਗਿਆ। ਇਸ ਬਾਰੇ ਪੁਲਿਸ ਅਧਿਕਾਰੀ ਅਭਿਨੰਦਨ ਸਿੰਘ ਦਾ ਕਹਿਣਾ ਹੈ ਕਿ ਬਰੇਲੀ ਸ਼ਹਿਰ ਦੇ ਸੀਬੀਗੰਜ ਸਥਿਤ ਵੈਸਟਰਨ ਕਾਲੋਨੀ ਨਿਵਾਸੀ ਹਿਤੇਸ਼ ਕੁਮਾਰ ਸਿਰੋਹੀ ਦੇ ਘਰ ਵੀਰਵਾਰ ਨੂੰ ਬੱਚੀ ਨੇ ਜਨਮ ਲਿਆ। ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਤੇ ਉਸ ਨੂੰ ਦਫਨ ਕਰਦੇ ਸਮੇਂ ਖੱਡੇ ਵਿੱਚੋਂ ਮਿਲੀ ਬੱਚੀ ਜੋ ਜਿਉਂਦੀ ਸੀ।
ਅਧਿਕਾਰੀ ਦਾ ਕਹਿਣਾ ਹੈ ਕਿ ਹਿਤੇਸ਼ ਨੇ ਬੱਚੀ ਨੂੰ ਅਪਨਾ ਲਿਆ ਹੈ ਜਿਸ ਦਾ ਇਲਾਜ ਹਸਪਤਾਲ ‘ਚ ਚਲ ਰਿਹਾ ਹੈ। ਬੱਚੀ ਦੀ ਦੇਖਭਾਲ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੀ ਹਾਲਤ ‘ਚ ਸੁਧਾਰ ਹੈ। ਉਧਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਬੱਚੀ ਨੂੰ ਜ਼ਿੰਦਾ ਕਿਸ ਨੇ ਦਫਨਾਇਆ।