ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸੁਣਾਈ ਗਈ ਸਜ਼ਾ ‘ਤੇ ਇੱਕ ਵਾਰ ਫ਼ਿਰ ਸਿਆਸਤ ਭਖ ਗਈ ਹੈ। ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਜੱਜ ‘ਤੇ ਦਬਾਅ ‘ਚ ਸਜ਼ਾ ਦੇਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਪਾਕਿਸਤਾਨ ‘ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਇਸਲਾਮਾਬਾਦ ਦੀ ਜਵਾਬਦੇਹੀ ਕੋਰਟ ਦੇ ਜੱਜ ਮੁਹੰਮਦ ਅਰਸ਼ਦ ਮਲਿਕ ਨੇ ਮਰੀਅਮ ਨਵਾਜ਼ ਦੇ ਇਨ੍ਹਾਂ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ। ਨਵਾਜ਼ ਸ਼ਰੀਫ ਇਸ ਸਮੇਂ ਪ੍ਰਧਾਨ ਮੰਤਰੀ ਹੁੰਦਿਆਂ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਵਿੱਚ ਕੋਟ ਲਖਪਤ ਜੇਲ੍ਹ ਵਿੱਚ ਸੱਤ ਸਾਲਾਂ ਦੇ ਕੈਦ ਦੀ ਸਜ਼ਾ ਕੱਟ ਰਹੇ ਹਨ।ਮਰੀਅਮ ਨੇ ਵੀਡੀਓ ਪੇਸ਼ ਕਰਦਿਆਂ ਦਾਅਵਾ ਕੀਤਾ ਸੀ ਕਿ ਜੱਜ ਮਲਿਕ ਨੇ ਨਵਾਜ਼ ਸ਼ਰੀਫ਼ ਖ਼ਿਲਾਫ਼ ਦਬਾਅ ਵਿੱਚ ਫ਼ੈਸਲਾ ਲਿਖਣ ਦੀ ਗੱਲ ਖ਼ੁਦ ਸਵੀਕਾਰ ਕੀਤੀ ਸੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PMLN) ਦੀ ਆਗੂ ਮਰੀਅਮ ਨਵਾਜ਼ ਨੇ ਆਪਣੇ ਇਲਜ਼ਾਮਾਂ ਨੂੰ ਸਾਬਤ ਕਰਨ ਲਈ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਵੀਡੀਓ ਜਾਰੀ ਕੀਤੀ।
ਇਸ ਵੀਡੀਓ ਵਿੱਚ ਕਥਿਤ ਤੌਰ ‘ਤੇ ਜੱਜ ਅਰਸ਼ਦ ਮਲਿਕ ਪੀਐਮਐਲਐਨ ਦੇ ਸਮਰਥਕ ਨਸੀਰ ਬੱਟ ਨੂੰ ਇਹ ਕਹਿੰਦੇ ਦਿਖਾਈ ਰਹੇ ਹਨ,”ਸ਼ਰੀਫ਼ ਖ਼ਿਲਾਫ਼ ਫ਼ੈਸਲਾ ਲਿਖਣ ਲਈ ਉਨ੍ਹਾਂ ਨੂੰ ‘ਬਲੈਕਮੇਲ ਕੀਤਾ ਗਿਆ ਤੇ ਦਬਾਅ’ ਪਾਇਆ ਗਿਆ।” ਇਸ ਦਾਅਵੇ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹੰਗਾਮਾ ਖੜ੍ਹਾ ਹੋ ਗਿਆ।ਜੱਜ ਵੱਲੋਂ ਅਦਾਲਤ ਦੇ ਰਜਿਸਟਰਾਰ ਨੇ ਪ੍ਰੈੱਸ ਬਿਆਨ ਵਿੱਚ ਮਰੀਅਮ ਵੱਲੋਂ ਕੀਤੇ ਦਾਅਵੇ ਨੂੰ ਰੱਦ ਕੀਤਾ ਤੇ ਇਸ ਨੂੰ ਗ਼ਲਤ, ਧੋਖਾਧੜੀ ਤੇ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪ੍ਰੈੱਸ ਕਾਨਫਰੰਸ ਸਿਰਫ਼ ਮੇਰੇ ਫ਼ੈਸਲੇ ਨੂੰ ਗ਼ਲਤ ਦੱਸਣ ਤੇ ਸਿਆਸੀ ਲਾਭ ਲੈਣ ਦੇ ਮਕਸਦ ਨਾਲ ਕੀਤੀ ਗਈ। ਜੱਜ ਨੇ ਇਸ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ।