ਕਰਾਚੀ- ਐਮਐਸ ਧੋਨੀ ਵਰਗਾ ਕੋਈ ਵੀ ਇਸ ਪਾਕਿਸਤਾਨੀ ਟੀਮ ਨਾਲ ਕੁਝ ਨਹੀਂ ਕਰ ਸਕਦਾ ਪਾਕਿਸਤਾਨ ਦੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ Sana Mir ਨੇ Champions Trophy ਤੋਂ ਬਾਹਰ ਹੋਈ ਆਪਣੇ ਮੁਲਕ ਦੀ ਪੁਰਸ਼ ਟੀਮ ਦੀ ਤਿੱਖੇ ਸ਼ਬਦਾਂ ਵਿਚ ਨੁਕਤਾਚੀਨੀ ਕੀਤੀ ਹੈ। ਮੀਰ ਨੇ ਕਿਹਾ ਕਿ ਪਾਕਿਸਤਾਨੀ ਟੀਮ ਦੀ ਸਿਲੈਕਸ਼ਨ ਹੀ ਇੰਨੀ ਖਰਾਬ ਸੀ ਕਿ ਮਹਿੰਦਰ ਸਿੰਘ ਧੋਨੀ ਜਿਹਾ ਕ੍ਰਿਸ਼ਮਈ ਕਪਤਾਨ ਵੀ ਇਸ ਪਾਕਿਸਤਾਨੀ ਟੀਮ ਦੀ ਕਿਸਮਤ ਨਹੀਂ ਬਦਲ ਸਕਦਾ ਹੈ।
ਪਾਕਿਸਤਾਨ ਦੀ ਟੀਮ ਨੂੰ ਆਪਣੇ ਦੋ ਮੈਚਾਂ ਵਿਚ ਨਿਊਜ਼ੀਲੈਂਡ ਤੇ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਰਕੇ ਮੇਜ਼ਬਾਨ ਟੀਮ ਚੈਂਪੀਅਨਜ਼ ਟਰਾਫ਼ੀ ਦੇ ਸੈਮੀਫਾਈਨਲ ਗੇੜ ਦੀ ਦੌੜ ’ਚੋਂ ਬਾਹਰ ਹੋ ਗਈ। ਪਾਕਿਸਤਾਨ ਹੁਣ ਆਪਣੇ ਆਖਰੀ ਗਰੁੱਪ ਮੈਚ ਵਿਚ ਬੰਗਲਾਦੇਸ਼ ਨਾਲ ਖੇਡੇਗਾ।
ਸਨਾ ਨੇ ‘Game On Hai’ ਪ੍ਰੋਗਰਾਮ ਵਿਚ ਕਿਹਾ, ‘‘ਚੈਂਪੀਅਨਜ਼ ਟਰਾਫ਼ੀ ਲਈ ਜਿਨ੍ਹਾਂ 15 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਨੂੰ ਜੇ ਦੇਖੀਏ ਤਾਂ ਜੇ ਤੁਸੀਂ ਮਹਿੰਦਰ ਸਿੰਘ ਧੋਨੀ ਜਾਂ ਪਾਕਿਸਤਨ ਦੇ ਸਾਬਕਾ ਕਪਤਾਨ ਯੂਨਿਸ ਖ਼ਾਨ ਨੂੰ ਵੀ ਟੀਮ ਦੀ ਕਮਾਨ ਸੌਂਪ ਦਿਓ ਤਾਂ ਵੀ ਕੁਝ ਨਹੀਂ ਹੋਣ ਵਾਲਾ। ਕਿਉਂਕਿ ਟੀਮ ਸਿਲੈਕਸ਼ਨ ਖੇਡ ਦੇ ਹਾਲਾਤ ਨੂੰ ਦੇਖ ਕੇ ਨਹੀਂ ਕੀਤੀ ਗਈ।’’ ਮੁਹੰਮਦ ਰਿਜ਼ਵਾਨ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੂੰ ਭਾਰਤ ਤੋਂ ਮਿਲੀ 6 ਵਿਕਟ ਦੀ ਹਾਰ ਮਗਰੋਂ ਲਗਾਤਾਰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕ੍ਰਿਕਟਰ ਤੋਂ ਕੁਮੈਂਟੇਟਰ ਬਣੀ ਸਨਾ (39) ਨੇ ਕਿਹਾ, “ਮੈਂ ਮੈਚ ਦੇਖ ਰਹੀ ਸੀ ਜਦੋਂ ਮੈਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ ਕਿ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 100 ਦੌੜਾਂ ਬਣਾ ਲਈਆਂ ਹਨ, ਮੈਨੂੰ ਲੱਗਦਾ ਹੈ ਕਿ ਮੈਚ ਖਤਮ ਹੋ ਗਿਆ ਹੈ। ਮੈਂ ਉਸ ਨੂੰ ਦੱਸਿਆ ਕਿ ਜਦੋਂ ਟੀਮ ਐਲਾਨੀ ਗਈ ਸੀ ਪਾਕਿਸਤਾਨ ਦੀ ਖੇਡ ਉਦੋਂ ਹੀ ਖ਼ਤਮ ਹੋ ਗਈ ਸੀ।’’