MS Dhoni Chances: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਜਿਸਦੇ ਮੱਦੇਨਜ਼ਰ ਦੇਸ਼ ਦੇ ਕਈ ਰਾਜਾਂ ਨੇ 30 ਅਪ੍ਰੈਲ ਤੱਕ ਲਾਕ ਡਾਊਨ ਵਧਾ ਦਿੱਤਾ ਹੈ । ਰਾਜ ਸਰਕਾਰਾਂ ਦੇ ਇਸ ਫੈਸਲੇ ਕਾਰਨ 15 ਅਪ੍ਰੈਲ ਤੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਆਯੋਜਨ ਦੀ ਸੰਭਾਵਨਾ ਨਹੀਂ ਹੈ । ਅਜਿਹੀ ਸਥਿਤੀ ਵਿੱਚ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਵਿੱਖ ‘ਤੇ ਪ੍ਰਸ਼ਨ ਚਿੰਨ੍ਹ ਹੋਰ ਡੂੰਘਾ ਹੋ ਗਿਆ ਹੈ । ਸਾਬਕਾ ਕਪਤਾਨ ਕ੍ਰਿਸ਼ਮਾਚਾਰੀ ਸ਼੍ਰੀਕਾਂਤ ਨੇ ਕਿਹਾ ਹੈ ਕਿ ਜੇ ਆਈਪੀਐਲ ਨਹੀਂ ਹੁੰਦਾ ਤਾਂ ਧੋਨੀ ਦੇ ਟੀ-20 ਵਿਸ਼ਵ ਕੱਪ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ ।
ਸ੍ਰੀਕਾਂਤ ਨੇ ਕਿਹਾ ਕਿ ਮੈਂ ਕੂਟਨੀਤਕ ਗੱਲਬਾਤ ਨਹੀਂ ਕਰਾਂਗਾ । ਜੇ ਮੈਂ ਚੋਣ ਕਮੇਟੀ ਦਾ ਚੇਅਰਮੈਨ ਹੁੰਦਾ ਤਾਂ ਮੈਂ ਆਪਣੀ ਗੱਲ ਰੱਖਦਾ । ਜੇਕਰ ਆਈਪੀਐਲ ਨਹੀਂ ਹੁੰਦਾ ਤਾਂ ਧੋਨੀ ਦੀ ਟੀਮ ਵਿੱਚ ਆਉਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਕਿਉਂਕਿ ਮੇਰੀ ਨਜ਼ਰ ਵਿੱਚ ਲੋਕੇਸ਼ ਰਾਹੁਲ ਵਿਕਟਕੀਪਰ-ਬੱਲੇਬਾਜ਼ ਹੋਣਗੇ ।
ਉਨ੍ਹਾਂ ਕਿਹਾ ਕਿ ਮੈਂ ਉਸ ਨੂੰ ਟੀਮ ਵਿੱਚ ਰੱਖਾਂਗਾ, ਪਰ ਜੇ ਆਈਪੀਐਲ ਨਾ ਹੋਇਆ ਤਾਂ ਧੋਨੀ ਲਈ ਟੀ-20 ਵਿਸ਼ਵ ਕੱਪ ਟੀਮ ਵਿਚ ਵਾਪਸੀ ਕਰਨਾ ਮੁਸ਼ਕਿਲ ਹੋਵੇਗਾ । ਧੋਨੀ ਬਾਰੇ ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ, ਉਹ ਇੱਕ ਮਹਾਨ ਖਿਡਾਰੀ ਹੈ, ਮੈਂ ਉਸ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ, ਪਰ ਵਰਲਡ ਕੱਪ ਟੀਮ ਲਈ ਸਵਾਲ ਇਹ ਹੈ ਕਿ ਟੀਮ ਨੂੰ ਪਹਿਲਾਂ ਆਉਣੀ ਚਾਹੀਦੀ ਹੈ ।”
ਦੱਸ ਦੇਈਏ ਕਿ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪਿਛਲੇ ਸਾਲ ਇੰਗਲੈਂਡ ਵਿੱਚ ਵਨਡੇ ਵਰਲਡ ਕੱਪ ਤੋਂ ਬਾਅਦ ਕ੍ਰਿਕਟ ਦੇ ਮੈਦਾਨ ਵਿੱਚ ਕਦਮ ਨਹੀਂ ਰੱਖਿਆ ਹੈ । ਇਸ ਦੌਰਾਨ ਧੋਨੀ ਦੇ ਕ੍ਰਿਕਟ ਨੂੰ ਅਲਵਿਦਾ ਕਹਿਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ । ਹਾਲਾਂਕਿ, ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਧੋਨੀ ਦੀ ਟੀਮ ਵਿੱਚ ਵਾਪਸੀ ਉਸ ਦੇ ਆਈਪੀਐਲ ਪ੍ਰਦਰਸ਼ਨ ‘ਤੇ ਨਿਰਭਰ ਕਰਦੀ ਹੈ । ਹੁਣ ਜੇਕਰ ਆਈਪੀਐਲ ਰੱਦ ਹੋ ਜਾਂਦਾ ਹੈ ਤਾਂ ਧੋਨੀ ਨੂੰ ਆਪਣਾ ਫਾਰਮ ਅਤੇ ਫਿੱਟਨੈੱਸ ਸਾਬਿਤ ਕਰਨ ਦਾ ਮੌਕਾ ਨਹੀਂ ਮਿਲੇਗਾ ।