ਅੱਜ ਨਕਸਲੀ ਸ਼ਹੀਦ ਚਰਨ ਸਿੰਘ ਮਾਣੂੰਕੇ ਯਾਦਗਾਰ ਕਮੇਟੀ ਦੀ ਮੀਟਿੰਗ ਪਿੰਡ ਮਾਣੂੰਕੇ ਵਿਖੇ ਸ਼ਹੀਦੀ ਲਾਟ ‘ਤੇ ਕੀਤੀ ਗਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਹੀਦ ਚਰਨ ਸਿੰਘ ਨਮਿਤ ਬਰਸੀ 11 ਮਾਰਚ ਨੂੰ ਸ਼ਹੀਦੀ ਲਾਟ ਵਾਲੀ ਥਾਂ ‘ਤੇ ਝੰਡਾ ਚੜਾ ਕੇ ਮਨਾਈ ਜਾਵੇਗੀ। ਯਾਦਗਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਇਸ ਵਾਰ ਦੀ ਬਰਸੀ ਦੇਸ਼ ਭਰ ਦੇ ਲੋਕਾਂ ‘ਤੇ ਹਿੰਦੂਤਵ ਫਾਸ਼ੀਵਾਦ ਦੁਆਰਾ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ, ਕੌਮੀ ਆਬਾਦੀ ਰਜਿਸਟਰ ਖਿਲਾਫ ਚੱਲ ਰਹੇ ਵਿਆਪਕ ਅੰਦੋਲਨ ਨੂੰ ਸਮਰਪਿਤ ਹੋਵੇਗੀ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਸ਼ਹੀਦ ਚਰਨ ਦੇ ਵੱਡੇ ਭਰਾ ਬੰਤ ਮਾਣੂੰਕੇ ਦੀ ਪਤਨੀ ਮੈਡਮ ਚਰਨਜੀਤ ਕੌਰ ਨੇ ਕਿਹਾ ਕਿ ਚਰਨ ਦੇਸ਼ ਦੇ ਸਮੂਹ ਕਿਰਤੀਆਂ ਦੀ ਆਰਥਿਕ, ਸਿਆਸੀ ਅਤੇ ਸਮਾਜਿਕ ਮੁਕਤੀ ਦੀ ਵਿਗਿਆਨਕ ਤੇ ਅਗਹਾਂਵਧੂ ਮਾਰਕਸਵਾਦੀ ਵਿਚਾਰਧਾਰਾ ਨੂੰ ਪਰਣਾਇਆ ਸਾਥੀ ਸੀ। ਜੋ ਸਾਮਰਾਜਵਾਦ, ਦਲਾਲ ਭਾਰਤੀ ਹਾਕਮਾਂ ਤੇ ਜਾਗੀਰਦਾਰੀ ਵਿਵਸਥਾ ਨੂੰ ਭਨ ਕੇ ਬਰਾਬਰੀ ਵਾਲਾ ਲੁੱਟ, ਜਾਤ-ਪਾਤ, ਫਿਰਕਾਪ੍ਰਸਤੀ ਰਹਿਤ ਪ੍ਰਬੰਧ ਸਿਰਜਣ ਦੀ ਗੱਲ ਕਰਦੀ ਹੈ। ਉਹਨਾਂ ਕਿਹਾ ਕਿ ਜਦੋਂ ਦੇਸ਼ ਦੀਆਂ ਘੱਟ-ਗਿਣਤੀ ਕੌਮੀਅਤਾਂ ਸਮੇਤ ਕਸ਼ਮੀਰੀ ਕੌਮ, ਦਲਿਤ ਭਾਈਚਾਰੇ ਨੂੰ ਭਾਰਤੀ ਹਾਕਮ ਫੌਜੀ ਬਲ ਨਾਲ ਕੁਚਲਣ ‘ਤੇ ਤੁਲੀ ਹੋਈ ਹੈ ਤਾਂ ਉਦੋਂ ਘੱਟ-ਗਿਣਤੀ ਕੌਮੀਅਤਾਂ ਲਈ ਖੁਦ-ਮੁਖਤਿਆਰੀ ਦੀ ਵਕਾਲਤ ਕਰਨ ਤੇ ਜਾਨ ਹੂਣਲਵੀਂ ਜੰਗ ਲੜਨ ਦਾ ਮਾਦਾ ਰੱਖਣ ਵਾਲੀ ਮਰਕਸਵਾਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਬੇਹੱਦ ਜਰੂਰੀ ਹੈ। ਉਹਨਾਂ ਸਮੂਹ ਲੋਕਾਂ ਨੂੰ ਸ਼ਹੀਦ ਚਰਨ ਨੂੰ ਸਿਜਦਾ ਕਰਨ ਲਈ 11 ਮਾਰਚ ਨੂੰ ਸਵੇਰ 11 ਵਜੇ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸਾਥੀ ਚੇਤ ਸਿੰਘ, ਦਲੀਪ ਸਿੰਘ, ਆਤਮਾ ਸਿੰਘ, ਕੇਵਲ ਸਿੰਘ, ਗੁਰਮੁੱਖ ਸਿੰਘ, ਗੁਰਮੀਤ ਸਿੰਘ, ਮੰਗਾ ਸਿੰਘ ਵੈਰੋਕੇ, ਚਮਕੌਰ ਸਿੰਘ ਰੋਡੇ ਖੁਰਦ, ਭਰਭੂਰ ਸਿੰਘ ਰਾਮਾਂ, ਚਮਕੌਰ ਸਿੰਘ ਢੁੱਡੀਕੇ, ਯਾਦਗਾਰ ਕਮੇਟੀ ਦੇ ਕਨਵੀਨਰ ਕਰਮਜੀਤ ਸਿੰਘ ਵੀ ਹਾਜਰ ਸਨ।