ਰਾਜਪੁਰਾ- ਸ਼ਹਿਰ ਦੇ ਬਿਲਕੁਲ ਵਿਚਕਾਰ ਮਿਰਚ ਮੰਡੀ ਵਿੱਚ ਬਹੁ-ਕੀਮਤੀ ਜ਼ਮੀਨ ਉਪਰ ਪਿਛਲੇ 50 ਸਾਲਾਂ ਤੋਂ ਲੋਕਾਂ ਵੱਲੋਂ ਕੀਤੇ ਨਾਜਾਇਜ਼ ਆਰਜ਼ੀ ਕਬਜ਼ੇ ਨੂੰ ਅੱਜ ਨਗਰ ਕੌਂਸਲ ਨੇ ਸਥਾਨਕ ਪੁਲੀਸ ਦੀ ਸਹਾਇਤਾ ਨਾਲ ਹਟਾ ਕੇ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸਥਾਨ ਉਪਰ ਠੇਕੇਦਾਰਾਂ ਵੱਲੋਂ ਰੋੜੀ ਕੁਟਵਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਗਰਾਊਂਡ ਨੂੰ ਤਿੰਨ ਕਲੋਨੀਆਂ ਲੱਗਦੀਆਂ ਹਨ ਤੇ ਕਲੋਨੀ ਵਾਸੀ ਸਰਕਾਰਾਂ ਤੋਂ ਇਸ ਥਾਂ ਉਪਰ ਪਾਰਕ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ।ਕਬਜ਼ਾਧਾਰੀਆਂ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਕੌਂਸਲ ਦੇ ਕਰਮਚਾਰੀ ਕਾਰਜ ਸਾਧਕ ਅਫ਼ਸਰ ਅਵਤਾਰ ਚੰਦ ਅਗਵਾਈ ਹੇਠ ਕਬਜ਼ਾ ਲੈਣ ਲਈ ਪਹੁੰਚੇ। ਇਸ ਮੌਕੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਮੁੱਖ ਥਾਣਾ ਅਫ਼ਸਰ ਬਲਵਿੰਦਰ ਸਿੰਘ ਭਾਰੀ ਪੁਲੀਸ ਫੋਰਸ ਨਾਲ ਘਟਨਾ ਸਥਾਨ ’ਤੇ ਮੌਜੂਦ ਰਹੇ। ਜਿਵੇਂ ਹੀ ਜੇਬੀਸੀ ਮਸ਼ੀਨਾਂ ਨੇ ਰੋੜੀ ਨੂੰ ਟਰਾਲੀਆਂ ਵਿੱਚ ਭਰਨਾ ਸ਼ੁਰੂ ਕੀਤਾ ਤਾਂ ਇੱਕ ਪਰਿਵਾਰ ਦੇ ਮੁਖੀ ਨੇ ਇਸ ਦਾ ਵਿਰੋਧ ਕੀਤਾ ਅਤੇ ਟੀਮ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਕੀਤੀ ਹਲਕੀ ਜਿਹੀ ਸਖ਼ਤਾਈ ਨਾਲ ਨਗਰ ਕੌਂਸਲ ਕਬਜ਼ਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ। ਈਓ ਅਵਤਾਰ ਚੰਦ ਨੇ ਦੱਸਿਆ ਕਿ ਉਕਤ ਥਾਂ ਉਪਰ ਪਿਛਲੇ 50 ਸਾਲਾਂ ਤੋਂ ਕਬਜ਼ਾ ਕੀਤਾ ਹੋਇਆ ਸੀ ਜੋ ਅੱਜ ਛੁਡਾ ਲਿਆ ਗਿਆ ਹੈ ਤੇ ਇੱਥੇ ਸੁੰਦਰ ਪਾਰਕ ਬਣਾਇਆ ਜਾਵੇਗਾ।ਥਾਣਾ ਸਿਟੀ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਆਦੇਸ਼ਾਂ ‘ਤੇ ਉਕਤ ਕਬਜ਼ੇ ਨੂੰ ਹਟਾਇਆ ਗਿਆ ਹੈ।
previous post
next post