ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੇ ਖੇਮੇ ਵਿੱਚ ਮਿਹਣਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਬਹੁਤੇ ਐਗਜ਼ਿਟ ਪੋਲਾਂ ਵਿੱਚ ਬੀਜੇਪੀ-ਸ਼ਿਵ ਸੈਨਾ ਗਠਜੋੜ ਦੀ ਜਿੱਤ ਦੀ ਭਵਿੱਖਬਾਣੀ ਹੋਣ ਤੋਂ ਬਾਅਦ, ਕਾਂਗਰਸ ਤੇ ਐਨਸੀਪੀ ਨੇ ਇੱਕ-ਦੂਜੇ ਉੱਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਐਨਸੀਪੀ ਲੀਡਰ ਤੇ ਰਾਜ ਸਭਾ ਦੇ ਸੰਸਦ ਮੈਂਬਰ ਮਜੀਦ ਮੈਮਨ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ, ‘ਸੋਨੀਆ ਗਾਂਧੀ ਤੇ ਉਨ੍ਹਾਂ ਦੀ ਬੇਟੀ ਪ੍ਰਿਯੰਕਾ ਗਾਂਧੀ ਚੋਣ ਪ੍ਰਚਾਰ ਤੋਂ ਦੂਰ ਰਹੀ। ਰਾਹੁਲ ਗਾਂਧੀ ਆਏ ਪਰ ਕਾਂਗਰਸ ਦੇ ਆਪਣੇ ਲੀਡਰ ਉਨ੍ਹਾਂ ਦੀਆਂ ਜਨਤਕ ਸਭਾਵਾਂ ਦੌਰਾਨ ਉਨ੍ਹਾਂ ਨਾਲ ਨਜ਼ਰ ਨਹੀਂ ਆਏ। ਸਿਰਫ ਸ਼ਰਦ ਪਵਾਰ (ਐਨਸੀਪੀ ਪ੍ਰਧਾਨ) ਨੇ ਚੋਣ ਪ੍ਰਚਾਰ ਦੌਰਾਨ ਸਖ਼ਤ ਮਿਹਨਤ ਕੀਤੀ।’ ਮੈਮਨ ਨੇ ਕਿਹਾ ਕਿ ਕਾਂਗਰਸ ਨਾਲ ਗਠਜੋੜ ਐਨਸੀਪੀ ਲਈ ਮਜਬੂਰੀ ਸੀ ਕਿਉਂਕਿ ਪਾਰਟੀ ਇਕੱਲੇ ਚੋਣ ਲੜਨ ਦੀ ਸਥਿਤੀ ਵਿੱਚ ਨਹੀਂ ਸੀ।
ਮੈਮਨ ਦੀ ਇਹ ਟਿੱਪਣੀ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਰਾਜਨ ਭੌਂਸਲੇ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ‘ਜਦੋਂ ਤੁਹਾਡੇ ਕੋਲ ਐਨਸੀਪੀ ਵਰਗੇ ਸਹਿਯੋਗੀ ਹੋਣ ਤਾਂ ਤੁਹਾਨੂੰ ਸੱਚਮੁੱਚ ਕਿਸੇ ਦੁਸ਼ਮਣ ਦੀ ਜ਼ਰੂਰਤ ਨਹੀਂ।’ ਐਨਸੀਪੀ ‘ਤੇ ਵਾਰ ਕਰਦਿਆਂ ਭੌਂਸਲੇ ਨੇ ਪੁੱਛਿਆ ਕਿ ਸ਼ਰਦ ਪਵਾਰ ਨੂੰ ਛੱਡ ਕੇ, ਤੁਸੀਂ ਸੂਬੇ ਭਰ ਵਿੱਚ ਕੋਈ ਹੋਰ ਐਨਸੀਪੀ ਨੇਤਾ ਨਹੀਂ ਵੇਖਿਆ। ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ, ਇੱਕ 80 ਸਾਲਾ ਵਿਅਕਤੀ ਨੂੰ ਜਨਤਕ ਬੈਠਕਾਂ ਕਰਨ ਲਈ ਸੂਬੇ ਭਰ ਵਿੱਚ ਯਾਤਰਾ ਕਰਨੀ ਪਈ।