Pakistani man Imran Chishti accused: ਪਾਕਿਸਤਾਨ ਦੇ ਪੰਜਾਬ ਵਿੱਚ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਭੜਕਾਉ ਨਾਅਰੇਬਾਜ਼ੀ ਕਰਨ ਅਤੇ ਗਲਤ ਸ਼ਬਦਾਵਲੀ ਵਰਤਣ ਵਾਲੇ ਇਮਰਾਨ ਚਿਸ਼ਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਦਰਅਸਲ, ਇਮਰਾਨ ਚਿਸ਼ਤੀ ਵੱਲੋਂ ਨਨਕਾਣਾ ਸਾਹਿਬ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਹਿੰਸਾ ਦੀ ਧਮਕੀ ਦਿੱਤੀ ਗਈ ਸੀ ।
ਜਿਸ ਤੋਂ ਬਾਅਦ ਭਾਰਤ ਵੱਲੋਂ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਗਈ ਸੀ । ਇਸ ਸਬੰਧੀ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਪਾਕਿਸਤਾਨ ਵਿੱਚ ਘੱਟਗਿਣਤੀਆਂ ‘ਤੇ ਹਮਲੇ ਕਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਪਾਕਿਸਤਾਨ ਸਰਕਾਰ ਤੁਰੰਤ ਗ੍ਰਿਫਤਾਰ ਕਰੇ । ਜਿਸ ਤੋਂ ਬਾਅਦ ਹੀ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਇਮਰਾਨ ਚਿਸ਼ਤੀ ਵੱਲੋਂ ਇਸ ਮਾਮਲੇ ਵਿੱਚ ਸਿੱਖਾਂ ਵਿਰੁੱਧ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਅਤੇ ਭੀੜ ਨੂੰ ਉਕਸਾ ਕੇ ਗੁਰਦੁਆਰਾ ਸਾਹਿਬ ‘ਤੇ ਪਥਰਾਅ ਕੀਤਾ ਸੀ । ਜਿਸ ਤੋਂ ਬਾਅਦ ਉਸਨੇ ਧਮਕੀ ਦਿੰਦਿਆਂ ਕਿਹਾ ਸੀ ਕਿ ਉਹ ਸਿੱਖ ਭਾਈਚਾਰੇ ਨੂੰ ਪਾਕਿਸਤਾਨ ਵਿੱਚ ਨਹੀਂ ਰਹਿਣ ਦੇਣਗੇ । ਪਰ ਇਸ ਤੋਂ ਅਗਲੇ ਦਿਨ ਚਿਸ਼ਤੀ ਨੇ ਆਪਣੀ ਗਲਤੀ ‘ਤੇ ਮੁਆਫ਼ੀ ਮੰਗ ਲਈ ਸੀ ।
ਸੂਤਰਾਂ ਅਨੁਸਾਰ ਇਮਰਾਨ ਚਿਸ਼ਤੀ ਨੂੰ ਐਤਵਾਰ ਰਾਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ । ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਸ ‘ਤੇ ਕੋਈ ਮਾਮਲਾ ਦਰਜ ਹੋਇਆ ਹੈ ਜਾਂ ਨਹੀਂ । ਦੱਸ ਦੇਈਏ ਕਿ ਚਿਸ਼ਤੀ ਵਲੋਂ ਸਿੱਖ ਭਾਈਚਾਰੇ ਨੂੰ ਧਮਕਾਉਣ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਉਸ ਤੋਂ ਬਾਅਦ ਹੀ ਭਾਰਤ ਵਲੋਂ ਪਾਕਿਸਤਾਨ ‘ਤੇ ਇਸ ਮਾਮਲੇ ਵਿੱਚ ਸਖਤ ਕਦਮ ਚੁੱਕਣ ਦਾ ਦਬਾਅ ਬਣਾਇਆ ਜਾ ਰਿਹਾ ਸੀ ।