ਸਾਬਕਾ ਡੀਜੀਪੀ ਤੇ ਨਵਜੋਤ ਸਿੰਘ ਸਿੱਧੂ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਇਕ ਵਾਰ ਫਿਰ ਗੰਭੀਰ ਦੋਸ਼ ਲਗਾਏ ਹਨ। ਮੁਸਤਫ਼ਾ ਨੇ ਟਵੀਟ ‘ਚ ਲਿਖਿਆ ਕਿ ਕੈਪਟਨ ਜਦੋਂ ਸੀਐੱਮ ਸਨ, ਉਦੋਂ ਉਨ੍ਹਾਂ ਨੂੰ ਕਈ ਵਾਰ ਧਮਕੀ ਦਿੱਤੀ ਗਈ। ਉਨ੍ਹਾਂ ਟਵੀਟ ‘ਚ ਪੱਤਰ ਅਪਲੋਡ ਕਰ ਕੇ ਬਾਕਾਇਦਾ ਤਰੀਕਾਂ ਦਾ ਵੀ ਜ਼ਿਕਰ ਕੀਤਾ, ਜਦੋਂ-ਜਦੋਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ। ਕਿਹਾ ਕਿ ਉਨ੍ਹਾਂ ਨੂੰ ਸਿੱਧੂ ਤੇ ਪਰਗਟ ਸਿੰਘ ਦਾ ਸਾਥ ਦੇਣ ਕਾਰਨ ਧਮਕੀ ਦਿੱਤੀ ਗਈ।
ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਤੇ ਮੰਤਰੀ ਰਾਣਾ ਸੋਢੀ ਤੇ ਉਨ੍ਹਾਂ ਦੇ ਪੁੱਤਰ ਜ਼ਰੀਏ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਨੂੰ ਧਮਕੀ ਦਿੱਤੀ। ਮੁਸਤਫ਼ਾ ਨੇ ਲਿਖਿਆ ਕਿ ਵਰਕਰ ਉਨ੍ਹਾਂ ਦੇ ਖ਼ੂਨ ‘ਚ ਨਹੀਂ ਹੈ। ਉਹ ਡਰਨ ਵਾਲੇ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਇਕ ਸ਼ੇਅਰ ਵੀ ਲਿਖਿਆ- ‘ਨਾ ਪੂਛ ਮੇਰੇ ਸਬਰ ਕੀ ਦੁਸਅਤ (ਫੈਲਾਵ) ਕਹਾਂ ਤਕ ਹੈ, ਸਤਾ ਕਰ ਦੇਖ ਲੇ ਜ਼ਾਲਿਮ ਤੇਰੀ ਤਾਕਤ ਜਹਾਂ ਤਕ ਹੈ। ਸਿਤਮਗਰ ਤੁਝ ਸੇ ਉਮੀਦ-ਏ-ਕਰਮ ਹੋਗੀ ਜਿਨਹੇ ਹੋਗੀ, ਹਮੇ ਤੋ ਦੇਖਨਾ ਯੇ ਹੈ ਕਿ ਤੂ ਜ਼ਾਲਿਮ ਕਹਾਂ ਤਕ ਹੈ।’
ਇਸ ਤੋਂ ਪਹਿਲਾਂ ਕੈਪਟਨ ਨੇ ਜਦੋਂ ਸੀਐੱਮ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ ਨੂੰ ਗ਼ਲਤ ਆਦਮੀ ਦੱਸਿਆ ਸੀ। ਕੈਪਟਨ ਨੇ ਕਿਹਾ ਸੀ ਕਿ ਸਿੱਧੂ ਨੂੰ ਪਾਕਿਸਤਾਨ ਪ੍ਰੇਮ ਹੈ। ਸਿੱਧੂ ਦੀ ਦੋਸਤੀ ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਤੇ ਉੱਥੇ ਫ਼ੌਜ ਮੁਖੀ ਨਾਲ ਰਹੀ ਹੈ। ਕੈਪਟਨ ਦੇ ਇਸ ਬਿਆਨ ਤੋਂ ਬਾਅਦ ਮੁਸਤਫ਼ਾ ਸਿੱਧੂ ਦੇ ਬਚਾਅ ਵਿਚ ਆ ਗਏ ਸਨ। ਮੁਸਤਫ਼ਾ ਨੇ ਕਿਹਾ ਸੀ ਕਿ ਕੈਪਟਨ ਪਰਿਵਾਰ ਉਨ੍ਹਾਂ ਦਾ ਫੈਮਿਲੀ ਫਰੈਂਡ ਹੈ। ਉਨ੍ਹਾਂ ਨੂੰ ਬਹੁਤ ਕੁਝ ਪਤਾ ਹੈ। ਉਹ (ਕੈਪਟਨ) ਉਨ੍ਹਾਂ ਦਾ ਮੂੰਹ ਨਾ ਖੁੱਲ੍ਹਵਾਉਣ। ਉਹ ਬੋਲੇ ਕਿ ਸਿੱਧੂ ਦੀ ਦੇਸ਼ ਭਗਤੀ ‘ਤੇ ਸਵਾਲ ਨਹੀਂ ਉਠਾਏ ਜਾ ਸਕਦੇ।