ਮੋਗਾ ‘ਚ ਕਾਂਗਰਸ ਦੀ ਕਿਸਾਨਾਂ ਦੇ ਹੱਕ ‘ਚ ਰੈਲੀ ਦੌਰਾਨ ਨਵਜੋਤ ਸਿੱਧੂ ਖੁੱਲ੍ਹ ਕੇ ਗਰਜੇ। ਇੱਥੋਂ ਤੱਕ ਕਿ ਉਨ੍ਹਾਂ ਪੰਜਾਬ ‘ਚ ਹੋ ਰਹੀ ਸਿਆਸਤ ਦੇ ਵੀ ਪੋਤੜੇ ਫਰੋਲ ਕੇ ਰੱਖ ਦਿੱਤੇ। ਅੱਜ ਨਵਜੋਤ ਸਿੰਘ ਸਿੱਧੂ ਦਾ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਦੇ ਚਾਹੁਣ ਵਾਲੇ ਸਿੱਧੂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਕਾਂਗਰਸ ‘ਚੋਂ ਬਹੁਤ ਸਾਰੇ ਕਰੀਬੀ ਸਿੱਧੂ ਨੂੰ ਵਧਾਈਆਂ ਦੇ ਰਹੇ ਹਨ।
ਇਸ ਲੜੀ ‘ਚ ਗਿੱਦੜਵਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦਾ ਨਾਂ ਵੀ ਸ਼ਾਮਲ ਹੈ। ਅੰਮ੍ਰਿਤਾ ਨੇ ਨਵਜੋਤ ਸਿੱਧੂ ਨੂੰ ਸੋਸ਼ਲ ਮੀਡੀਆ ਜ਼ਰੀਏ ਵਧਾਈ ਦਿੱਤੀ ਹੈ। ਅੰਮ੍ਰਿਤਾ ਵੜਿੰਗ ਵੱਲੋਂ ਖਾਸ ਤਰੀਕੇ ਨਾਲ ਸਿੱਧੂ ਨੂੰ ਦਿੱਤੀ ਇਹ ਵਧਾਈ ਇਸ ਲਈ ਵੀ ਮਾਇਨੇ ਰੱਖਦੀ ਹੈ, ਕਿਉਂਕਿ ਇਸ ਤੋਂ ਕਈ ਤਰ੍ਹਾਂ ਦੇ ਸੰਕੇਤ ਜ਼ਾਹਿਰ ਹੋ ਰਹੇ ਹਨ।
ਅੰਮ੍ਰਿਤਾ ਨੇ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ:
ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ Navjot Singh Sidhu ਵਰਗੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ
ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ
ਕਾਂਗਰਸ ਅੰਦਰ ਸਿੱਧੂ ਦਾ ਦਾ ਹਾਲ ਵੀ ਕੁਝ ਅਜਿਹਾ ਹੀ ਹੈ। ਸਿੱਧੂ ਨੂੰ ਕਈ ਵਾਰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਹਰ ਵਾਰ ਸਿੱਧੂ ਉਭਰ ਕੇ ਸਾਹਮਣੇ ਆਏ ਹਨ। ਅਜਿਹੇ ‘ਚ ਅੰਮ੍ਰਿਤਾ ਵੜਿੰਗ ਦੀ ਇਹ ਪੋਸਟ ਕਈ ਕੁਝ ਬਿਆਨ ਕਰ ਰਹੀ ਹੈ। ਦੱਸ ਦਈਏ ਕਿ ਨਵਜੋਤ ਸਿੱਧੂ ਦੇ ਸੁਰ ਬਹੁਤੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਾਂਦੇ ਰਹੇ ਹਨ। ਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਜਾ ਵੜਿੰਗ ਨਵਜੋਤ ਦੇ ਕਾਫੀ ਨਜ਼ਦੀਕ ਹੋ ਗਏ ਸੀ।