ਕੋਰੋਨਾ ਵਾਇਰਸ (ਕੋਵਿਡ-19) ਦੀ ਲਪੇਟ ‘ਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ‘ਚ ਇਕ ਨਵੀਂ ਐਂਟੀਬਾਡੀ ਥੇਰੈਪੀ ਨੂੰ ਲੈ ਕੇ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਇਸ ਥੇਰੈਪੀ ਨੂੰ ਅਜ਼ਮਾਉਣ ਨਾਲ ਮਰੀਜ਼ਾਂ ਨੂੰ ਜ਼ਿਆਦਾ ਸਮੇਂ ਹਸਪਤਾਲ ‘ਚ ਦਾਖ਼ਲ ਨਹੀਂ ਰਹਿਣਾ ਪਵੇਗਾ ਤੇ ਉਹ ਛੇਤੀ ਸਿਹਤਯਾਬ ਹੋ ਸਕਦੇ ਹਨ। ਅਜਿਹੇ ਮਰੀਜ਼ਾਂ ਨੂੰ ਉਨ੍ਹਾਂ ਲੋਕਾਂ ਦੇ ਮੁਕਾਬਲੇ ਐਮਰਜੈਂਸੀ ਮੈਡੀਕਲ ਦੇਖਭਾਲ ਦੀ ਵੀ ਘੱਟ ਲੋੜ ਪੈ ਸਕਦੀ ਹੈ ਜਿਨ੍ਹਾਂ ਪੀੜਤਾਂ ਦਾ ਇਲਾਜ ਇਸ ਨਾਲ ਕੀਤਾ ਜਾਂਦਾ ਹੈ।
ਇਸ ਐਂਟੀਬਾਡੀ ਥੇਰੈਪੀ ਨੂੰ ਲੈ ਕੇ ਇਸ ਸਮੇਂ ਦੂਜੇ ਪੜਾਅ ਦਾ ਕਲੀਨਿਕਲ ਟ੍ਰਾਇਲ ਚੱਲ ਰਿਹਾ ਹੈ। ਇਸ ਦੇ ਅੰਤਿ੍ਮ ਨਤੀਜਿਆਂ ਨੂੰ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਟ੍ਰਾਇਲ ‘ਚ ਕੋਰੋਨਾ ਮਰੀਜ਼ਾਂ ਦੇ ਖ਼ੂਨ ਤੋਂ ਕੱਢੇ ਗਏ ਐੱਲਵਾਈ-ਕੋਵੀ555 ਨਾਂ ਦੇ ਮੋਨੋਕਲੋਨਲ ਐਂਟੀਬਾਡੀ ਦੀਆਂ ਤਿੰਨ ਖ਼ੁਰਾਕਾਂ ਨੂੰ ਰੋਗੀਆਂ ‘ਤੇ ਪਰਖਿਆ ਗਿਆ ਹੈ। ਵਿਸ਼ਲੇਸ਼ਣ ‘ਚ ਕੋਰੋਨਾ ਇਨਫੈਕਸ਼ਨ ਦੇ ਹਲਕੇ ਤੋਂ ਦਰਮਿਆਨੇ ਮਾਮਲਿਆਂ ‘ਚ ਵਾਇਰਸ ਦੇ ਪੱਧਰ ‘ਚ ਕਮੀ ਪਾਈ ਗਈ ਹੈ। ਅਮਰੀਕਾ ਦੇ ਸੀਡਰਸ-ਸਿਨਾਈ ਮੈਡੀਕਲ ਸੈਂਟਰ ਦੇ ਖੋਜਕਰਤਾ ਪੀਟਰ ਚੇਨ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਸ਼ਾਨਦਾਰ ਨਤੀਜਾ ਇਹ ਹੈ ਕਿ ਹਸਪਤਾਲ ‘ਚ ਦਾਖ਼ਲ ਰਹਿਣ ਦੀ ਮਿਆਦ ਘੱਟ ਹੋ ਸਕਦੀ ਹੈ। ਮੋਨੋਕਲੋਨਲ ਐਂਟੀਬਾਡੀ ਨਾਲ ਕਈ ਰੋਗੀਆਂ ‘ਚ ਇਨਫੈਕਸ਼ਨ ਦੀ ਗੰਭੀਰਤਾ ‘ਚ ਕਮੀ ਪਾਈ ਗਈ ਹੈ। ਇਸ ਥੇਰੈਪੀ ਨਾਲ ਉੱਚ ਖ਼ਤਰੇ ਵਾਲੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋ ਸਕਦਾ ਹੈ।