ਸੋਸ਼ਲ ਮੀਡੀਆ ਉੱਤੇ ਇਨ੍ਹੀਂ ਦਿਨੀਂ ਇੱਕ ਵਿਆਹ ਦੀ ਖ਼ਾਸ ਤੌਰ ’ਤੇ ਚਰਚਾ ਹੋ ਰਹੀ ਹੈ। ਮਾਮਲਾ ਪਾਕਿਸਤਾਨ ਦੇ ਹਾਫ਼ਿਜ਼ਾਬਾਦ ਦਾ ਹੈ। 26 ਸਾਲਾ ਵਕੀਲ ਰਿਆਨ ਰਊਫ਼ ਸ਼ੇਖ਼ ਤੇ ਉਨ੍ਹਾਂ ਦੀ ਪਤਨੀ ਅਨਮੋਲ ਦੀ ਰਿਸੈਪਸ਼ਨ 23 ਮਾਰਚ ਨੂੰ ਹੋਈ। ਇਸ ਰਿਸੈਪਸ਼ਨ ’ਚ ਦੋਵੇਂ ਆਪਣੇ ਨਾਲ ਦੋ ਮਹੀਨਿਆਂ ਦਾ ਬੱਚਾ ਲੈ ਕੇ ਪੁੱਜੇ। ਜੋੜੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਤੁਰੰਤ ਵਾਇਰਲ ਹੋ ਗਈ।
ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਅੱਚਵੀ ਲੱਗ ਗਈ ਕਿ ਆਖ਼ਰ ਇਹ ਵੀ ਹੋ ਰਿਹਾ ਹੈ। ਫਿਰ ਇਸ ਜੋੜੀ ਨੇ ਦੱਸਿਆ ਕਿ ਉਨ੍ਹਾਂ ਦੀ ਰਿਸੈਪਸ਼ਨ ਅਸਲ ’ਚ ਪਿਛਲੇ ਸਾਲ 14 ਮਾਰਚ ਨੂੰ ਹੋਣੀ ਤੈਅ ਸੀ ਪਰ 14 ਮਾਰਚ ਦੀ ਸਵੇਰ ਨੂੰ ਹੀ ਲੌਕਡਾਊਨ ਲੱਗ ਗਿਆ ਸੀ; ਜਿਸ ਕਾਰਨ ਰਿਸੈਪਸ਼ਨ ਟਾਲਣੀ ਪਈ।
ਕੋਵਿਡ-19 ਕਾਰਨ ਲਾਗੂ ਪਾਬੰਦੀਆਂ ਦੇ ਚੱਲਦਿਆਂ ਉਨ੍ਹਾਂ ਲਈ ਵਿਦੇਸ਼ ਤੋਂ ਪਾਕਿਸਤਾਨ ਆਉਣਾ ਸੰਭਵ ਨਹੀਂ ਸੀ। ਪਰਿਵਾਰਕ ਮੈਂਬਰਾਂ ਨੂੰ ਵੀ ਰਿਸੈਪਸ਼ਨ ਦੀ ਨਵੀਂ ਤਰੀਕ ਰੱਖਣੀ ਔਖੀ ਹੋ ਰਹੀ ਸੀ। ਫਿਰ ਰਮਜ਼ਾਨ ਦਾ ਮਹੀਨਾ ਤੇ ਉਸ ਤੋਂ ਬਾਅਦ ਈਦ ਦਾ ਤਿਉਹਾਰ ਆ ਗਿਆ। ਲੌਕਡਾਊਨ ਵੀ ਲੱਗਿਆ ਰਿਹਾ
ਰਿਆਨ ਨੇ ਦੱਸਿਆ ਕਿ ਸਤੰਬਰ, ਅਕਤੂਬਰ ’ਚ ਪਾਬੰਦੀਆਂ ਵਿੱਚ ਢਿੱਲ ਮਿਲਦੀ ਸ਼ੁਰੂ ਹੋਈ, ਤਦ ਤੱਕ ਉਨ੍ਹਾਂ ਦੀ ਪਤਨੀ ਗਰਭਵਤੀ ਹੋ ਚੁੱਕੀ ਸੀ; ਇਸੇ ਲਈ ਅਜਿਹੀ ਹਾਲਤ ’ਚ ਰਿਸੈਪਸ਼ਨ ਸੰਭਵ ਨਹੀਂ ਸੀ। ਜਨਵਰੀ 2021 ’ਚ ਅਨਮੋਲ ਨੇ ਬੇਟੇ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਦੋਵਾਂ ਨੇ ਰਿਸੈਪਸ਼ਨ ਬਾਰੇ ਸੋਚਿਆ।
ਰਿਆਨ ਨੇ ਦੱਸਿਆਕਿ ਪਹਿਲੀ ਵਾਰ ਰਿਸੈਪਸ਼ਨ ’ਚ 800 ਤੋਂ ਵੱਧ ਲੋਕਾਂ ਨੂੰ ਸੱਦਾ ਭੇਜਿਆ ਗਿਆ ਸੀ ਪਰ ਇਸ ਵਾਰ ਕੋਰੋਨਾ ਕਰ ਕੇ ਮਹਿਮਾਨਾਂ ਦੀ ਗਿਣਤੀ ਘਟਾ ਕੇ 200 ਕਰਨੀ ਪਈ। ਪਰ ਉਨ੍ਹਾਂ ਨੂੰ ਰਿਸੈਪਸ਼ਨ ਵਿੱਚ ਬੇਟੇ ਨਾਲ ਤਸਵੀਰ ਵਾਇਰਲ ਹੋਣ ਦਾ ਕੋਈ ਅੰਦਾਜ਼ਾ ਨਹੀਂ ਸੀ।