ਪਟਿਆਲਾ-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ ਵਿੱਚ ‘ਬੈਚੂਲਰ ਆਫ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)’ ਅਤੇ ‘ਬੈਚੂਲਰ ਆਫ ਆਰਟਸ ਇਨ ਗੁਰਮੁਖੀ ਐਜੂਕੇਸ਼ਨ’ ਕੋਰਸਾਂ ਦੇ ਵਿਦਿਆਰਥੀਆਂ ਲਈ ਪਰਮਜੀਤ ਸਿੰਘ ਸੁਚਿੰਤਨ ਅਸਿਸਟੈਂਟ ਜਨਰਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਲੋਕਲ ਹੈੱਡ ਆਫਿਸ, ਚੰਡੀਗੜ੍ਹ ਦਾ ‘ਨਵੇਂ ਕਾਰੋਬਾਰ ਲਈ ਬੈਂਕ ਤੋਂ ਮਿਲਦੀ ਮਦਦ’ ਵਿਸ਼ੇ ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।
ਇਸ ਮੌਕੇ ਉਨ੍ਹਾਂ ਬੈਂਕਾਂ ਤੋਂ ਮਿਲਦੀ ਆਰਥਿਕ ਮਦਦ ਨਾਲ ਸਬੰਧਤ ਕਈ ਸਕੀਮਾਂ ਬਾਰੇ ਦੱਸਿਆ ਜੋ ਮਾਇਕਰੋ, ਸਮਾਲ ਅਤੇ ਮੀਡੀਅਮ ਪੱਧਰ ਦੀਆਂ ਹਨ। ਉਨ੍ਹਾਂ ਦੱਸਿਆ ਕਿ ਮਾਇਕਰੋ ਸਕੀਮ ਤਹਿਤ ਇੱਕ ਕਰੋੜ ਤੋਂ ਘੱਟ, ਸਮਾਲ ਤਹਿਤ ਵਿੱਚ ਪੰਜ ਕਰੋੜ ਅਤੇ ਮੀਡੀਅਮ ਵਿੱਚ ਪੰਜਾਹ ਕਰੋੜ ਤੋਂ ਘੱਟ ਆਮਦਨ ਦੇ ਕਾਰੋਬਾਰ ਸ਼ਾਮਲ ਹੁੰਦੇ ਹਨ। ਉਨ੍ਹਾਂ ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਕੀਮ ਅਧੀਨ ਛੋਟੇ-ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਬੈਂਕ ਵੱਲੋਂ ਲੋਨ ਦਿੱਤਾ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਕੇ ਨਵਾਂ ਕਾਰੋਬਾਰ ਆਰੰਭ ਕਰਨ ਲਈ ਬੈਂਕ ਤੋਂ ਮਿਲਣ ਵਾਲੀ ਮਦਦ ਦੌਰਾਨ ਲੋੜੀਂਦੀਆਂ ਸ਼ਰਤਾਂ ਬਾਰੇ ਵੀ ਜਾਣਕਾਰੀ ਦਿੱਤੀ। ਬੈਂਕ ਵੱਲੋਂ ਦਿੱਤੇ ਜਾਂਦੇ ਲੋਨ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ, ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਤੇ ਲੋਨ ਦੇ ਭੁਗਤਾਨ ਸਬੰਧੀ ਜ਼ਰੂਰੀ ਨੁਕਤੇ ਵੀ ਸਾਂਝੇ ਕੀਤੇ। ਇਸ ਦੌਰਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਬੈਂਕ ਦੀਆਂ ਅਸਾਮੀਆਂ, ਪੇਪਰਾਂ ਦੀ ਤਿਆਰੀ ਅਤੇ ਇੰਟਰਵਿਊ ਸਬੰਧੀ ਜਾਣਕਾਰੀ ਦਿੱਤੀ। ਇਸ ਉਪਰੰਤ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਗੁਰਮਤਿ ਦੇ ਨਜ਼ਰੀਏ ਤੋਂ ਕਾਰੋਬਾਰ ਨਾਲ ਜੁੜੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਇੰਸਟੀਚਿਊਟ ਵੱਲੋਂ ਸ੍ਰੀ ਸੁਚਿੰਤਨ ਦਾ ਸਨਮਾਨ ਪੁਸਤਕਾਂ ਭੇਟ ਕਰ ਕੇ ਕੀਤਾ ਗਿਆ।