Army Chief General MM Naravane: ਨਵੀਂ ਦਿੱਲੀ: ਭਾਰਤ ਦੇ ਨਵੇਂ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਦੇਸ਼ ਦੇ 28ਵੇਂ ਫ਼ੌਜ ਮੁਖੀ ਵਜੋਂ ਕਮਾਨ ਸੰਭਾਲ ਲਈ ਹੈ।ਸਾਬਕਾ ਸੈਨਾ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਕਮਾਨ ਸੌਂਪੀ । ਨਰਵਾਣੇ ਨੇ ਆਪਣੀ ਡਿਊਟੀ ਸੰਭਾਲਣ ਤੋਂ ਬਾਅਦ ਕਿਹਾ ਕਿ ਅੱਤਵਾਦ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਭਾਰਤ ਲੰਮੇ ਸਮੇਂ ਤੋਂ ਇਸ ਵਿਰੁੱਧ ਜੰਗ ਲੜ ਰਿਹਾ ਹੈ ।
ਉਨ੍ਹਾਂ ਕਿਹਾ ਜਿਥੋਂ ਤੱਕ ਸਾਡੇ ਗੁਆਂਢੀ ਮੁਲਕ ਦਾ ਸੰਬੰਧ ਹੈ, ਤਾਂ ਉਹ ਸਾਡੇ ਖਿਲਾਫ਼ ਪ੍ਰੋਕਸੀ ਵਾਰ ਕਰਨ ਦੇ ਤਰੀਕੇ ਦੇ ਰੂਪ ਵਿੱਚ ਅੱਤਵਾਦ ਨੂੰ ਰਾਜ ਨੀਤੀ ਦੇ ਸਾਧਨ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਪਾਕਿਸਤਾਨ ਨੂੰ ਅੱਤਵਾਦੀ ਅੱਡਾ ਬੰਦ ਕਰਨ ਲਈ ਵੀ ਕਿਹਾ ਹੈ ।
ਫ਼ੌਜ ਮੁਖੀ ਨਰਵਾਣੇ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਸੀਜ਼ ਫਾਇਰ ਦੀ ਉਲੰਘਣਾ ਕਈ ਵਾਰ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਧਾਰਾ 370 ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਵੱਡੀ ਗਿਰਾਵਟ ਵੇਖੀ ਗਈ । ਉਨ੍ਹਾਂ ਨੇ ਪਾਕਿਸਤਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜਿੱਥੋਂ ਤੱਕ ਸਾਡੇ ਗੁਆਂਢੀ ਦੇਸ਼ ਦੀ ਗੱਲ ਹੈ, ਤਾਂ ਉਹ ਸਾਡੇ ਵਿਰੁੱਧ ਅੱਤਵਾਦ ਨੂੰ ਵਰਤ ਰਹੇ ਹਨ ਪਰ ਇਹ ਲੰਮੇ ਸਮੇਂ ਤੱਕ ਨਹੀਂ ਚੱਲੇਗਾ ।
ਫ਼ੌਜ ਮੁਖੀ ਨੇ ਕਿਹਾ ਕਿ ਕੰਟਰੋਲ ਰੇਖਾ ‘ਤੇ ਗੋਲ਼ੀਬੰਦੀ ਦੀ ਉਲੰਘਣਾ ਹੋ ਰਹੀ ਹੈ । ਦੱਸ ਦੇਈਏ ਕਿ ਨਰਵਾਣੇ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਗੁਆਂਢੀ ਦੇਸ਼ ਸਰਕਾਰੀ ਸ਼ਹਿ ਪ੍ਰਾਪਤ ਅੱਤਵਾਦ ਨੂੰ ਨਹੀਂ ਰੋਕਦਾ, ਤਾਂ ਅਜਿਹੇ ਹਾਲਾਤ ਵਿੱਚ ਭਾਰਤ ਕੋਲ ਅੱਤਵਾਦ ਦੇ ਸਰੋਤ ‘ਤੇ ਹਮਲਾ ਕਰਨ ਦਾ ਪੂਰਾ ਅਧਿਕਾਰ ਹੈ ।
ਜ਼ਿਕਰਯੋਗ ਹੈ ਕਿ ਐਮ ਐਮ ਨਰਵਾਣੇ ਨੂੰ ਸੈਨਾ ਵਿੱਚ ਬਹਾਦਰੀ ਅਤੇ ਸਮਰਪਣ ਲਈ ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤਿ ਵਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ।