ਨਵੀਂ ਦਿੱਲੀ : ਰਾਮ ਚਰਨ ਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਗੇਮ ਚੇਂਜਰ ਕਾਫ਼ੀ ਸਮੇਂ ਤੋਂ ਸੁਰਖ਼ੀਆਂ ‘ਚ ਹੈ। ਇਸ ਫਿਲਮ ‘ਚ ਰਾਮ ਚਰਨ ਡਬਲ ਰੋਲ ‘ਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਕਾਰਤਿਕ ਸੁਬਾਰਾਜ (Karthik Subbaraj) ਨੇ ਲਿਖੀ ਹੈ। ਸ਼ੰਕਰ (Shankar) ਇਸ ਦਾ ਨਿਰਦੇਸ਼ਕ ਹੈ।
ਕਦੋਂ ਰਿਲੀਜ਼ ਹੋਵੇਗੀ ਫਿਲਮ-ਗੇਮ ਚੇਂਜਰ ‘ਚ ਕਿਆਰਾ ਅਡਵਾਨੀ ਤੋਂ ਇਲਾਵਾ ਅੰਜਲੀ ਤੇ ਐੱਸਜੇ ਸੂਰਿਆ ਵਰਗੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫਿਲਮ 10 ਜਨਵਰੀ ਨੂੰ ਸੰਕ੍ਰਾਂਤੀ ਮੌਕੇ ਤੇਲਗੂ, ਤਾਮਿਲ ਤੇ ਹਿੰਦੀ ਭਾਸ਼ਾਵਾਂ ‘ਚ ਰਿਲੀਜ਼ ਹੋਵੇਗੀ। ਇਸ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ।
ਅਜੇ ਨਹੀਂ ਆਇਆ ਫਿਲਮ ਦਾ ਟ੍ਰੇਲਰ-ਇਸ ਸਭ ਦੇ ਬਾਵਜੂਦ ਰਾਮ ਚਰਨ ਦੇ ਪ੍ਰਸ਼ੰਸਕਾਂ ‘ਚ ਫਿਲਮ ਨੂੰ ਲੈ ਕੇ ਕਾਫ਼ੀ ਨਾਰਾਜ਼ਗੀ ਹੈ। ਦਰਅਸਲ ਫਿਲਮ ਦੀ ਰਿਲੀਜ਼ ‘ਚ ਸਿਰਫ਼ 13 ਦਿਨ ਬਾਕੀ ਹਨ ਪਰ ਅਜੇ ਤੱਕ ਇਸ ਦਾ ਟ੍ਰੇਲਰ ਰਿਲੀਜ਼ ਨਹੀਂ ਹੋਇਆ ਹੈ। ਪ੍ਰਸ਼ੰਸਕ ਇਸ ਫਿਲਮ ਨੂੰ ਦੇਖਣ ਲਈ ਇੰਨੇ ਉਤਸੁਕ ਸਨ ਕਿ ਇਕ ਪ੍ਰਸ਼ੰਸਕ ਨੇ ਇਸ ਲਈ ਰਾਮ ਚਰਨ ਨੂੰ ਧਮਕੀ ਵੀ ਦਿੱਤੀ ਹੈ।
ਈਸ਼ਵਰ ਨਾਂ ਦੇ ਇਸ ਵਿਅਕਤੀ ਨੇ ਤੇਲਗੂ ਵਿੱਚ ਚਿੱਠੀ ਲਿਖੀ ਹੈ। ਪ੍ਰਸ਼ੰਸਕ ਨੇ ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਲਿਖਿਆ ਕਿ ਫਿਲਮ ਰਿਲੀਜ਼ ਹੋਣ ‘ਚ ਸਿਰਫ਼ 13 ਦਿਨ ਬਾਕੀ ਹਨ ਤੇ ਅਜੇ ਤੱਕ ਨਿਰਮਾਤਾ ਨੇ ਕੋਈ ਟ੍ਰੇਲਰ ਜਾਂ ਅਪਡੇਟ ਸ਼ੇਅਰ ਨਹੀਂ ਕੀਤੀ ਹੈ। ਇਸ ਦਾ ਟੀਜ਼ਰ ਨਵੰਬਰ ‘ਚ ਰਿਲੀਜ਼ ਹੋਇਆ ਸੀ ਪਰ ਅਜੇ ਤੱਕ ਟ੍ਰੇਲਰ ਰਿਲੀਜ਼ ਨਹੀਂ ਹੋਇਆ ਹੈ।
ਫੈਨ ਨੇ ਮੇਕਰਸ ਨੂੰ ਦਿੱਤੀ ਧਮਕੀ-ਈਸ਼ਵਰ ਨੇ ਆਪਣੀ ਚਿੱਠੀ ‘ਚ ਲਿਖਿਆ, ”ਤੁਸੀਂ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਰਹੇ। ਜੇ ਤੁਸੀਂ ਇਸ ਮਹੀਨੇ ਦੇ ਅੰਤ ਤੱਕ ਕੋਈ ਟੀਜ਼ਰ ਜਾਂ ਅਪਡੇਟ ਜਾਰੀ ਨਹੀਂ ਕਰਦੇ ਹੋ ਜਾਂ ਨਵੇਂ ਸਾਲ ਦੇ ਮੌਕੇ ‘ਤੇ ਟ੍ਰੇਲਰ ਨੂੰ ਸਾਂਝਾ ਕਰਨ ਵਿੱਚ ਅਸਫਲ ਰਹਿੰਦੇ ਹੋ ਤਾਂ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੈਨੂੰ ਕੁਝ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ। ਮੈਂ ਆਪਣੀ ਜ਼ਿੰਦਗੀ ਖ਼ਤਮ ਕਰ ਲਵਾਗਾ।” ਇਸ ਚਿੱਠੀ ਦੇ ਸਿਖਰ ‘ਤੇ ਉਸ ਨੇ ਆਰਆਈਪੀ ਲੈਟਰ ਦਾ ਸਿਰਲੇਖ ਲਿਖਿਆ ਹੈ।ਸੋਸ਼ਲ ਮੀਡੀਆ ‘ਤੇ ਪੋਸਟ ਹੁੰਦੇ ਹੀ ਇਹ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਪੁਸ਼ਪਾ 2 : ਦ ਰੂਲ ਦੇ ਨਿਰਦੇਸ਼ਕ ਸੁਕੁਮਾਰ ਨੇ ਵੀ ਗੇਮ ਚੇਂਜਰ ਦੇਖਣ ਤੋਂ ਬਾਅਦ ਪਹਿਲੀ ਸਮੀਖਿਆ ਦਿੱਤੀ ਹੈ। ਡਲਾਸ ਵਿੱਚ ਫਿਲਮ ਦੇ ਇੱਕ ਪ੍ਰਮੋਸ਼ਨਲ ਈਵੈਂਟ ਵਿੱਚ ਬੋਲਦਿਆਂ ਨਿਰਦੇਸ਼ਕ ਨੇ ਕਿਹਾ ਕਿ ਰਾਮ ਚਰਨ ਦਾ ਪ੍ਰਦਰਸ਼ਨ ਇੰਨਾ ਸ਼ਾਨਦਾਰ ਹੈ ਕਿ ਉਸ ਨੂੰ ਉਮੀਦ ਹੈ ਕਿ ਉਸ ਨੂੰ ਇਸ ਲਈ ਰਾਸ਼ਟਰੀ ਫਿਲਮ ਪੁਰਸਕਾਰ ਮਿਲੇਗਾ।