ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ-ਵੇਨ ਨੇ ਸ਼ੁੱਕਰਵਾਰ ਨੂੰ ਨਵੇਂ ਸਾਲ ਦੇ ਸੰਦੇਸ਼ ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨ ਤੋਂ ਫ਼ੌਜੀ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਦੱਸਣਯੋਗ ਹੈ ਕਿ ਚੀਨ ਇਸ ਦੀਪੀ ਖੇਤਰ ਨੂੰ ਆਪਣਾ ਮੰਨਦਾ ਹੈ ਅਤੇ ਇਸ ਖੇਤਰ ‘ਤੇ ਤਾਕਤ ਵਰਤ ਕੇ ਕਬਜ਼ਾ ਕਰਨ ਦੀ ਧਮਕੀ ਵੀ ਦੇ ਚੁੱਕਾ ਹੈ।
ਸਾਈ ਨੇ ਆਪਣੇ ਸੰਦੇਸ਼ ਵਿਚ ਚੀਨ ਦੇ ਵੱਧਦੇ ਖ਼ਤਰੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਤਾਇਵਾਨ ਸਟ੍ਰੇਟ ਵਿਚ ਲੜਾਕੂ ਜਹਾਜ਼ਾਂ ਅਤੇ ਜੰਗੀ ਬੇੜਿਆਂ ਦੀਆਂ ਸਰਗਰਮੀਆਂ ਵੱਧ ਗਈਆਂ ਹਨ। ਇਸ ਨਾਲ ਖੇਤਰੀ ਸਥਿਰਤਾ ਲਈ ਪੈਦਾ ਹੋਇਆ ਖ਼ਤਰਾ ਨਾ ਸਿਰਫ਼ ਇਸ ਖ਼ੁਦਮੁਖਤਿਆਰ ਖੇਤਰ ਸਗੋਂ ਪੂਰੀ ਦੁਨੀਆ ਲਈ ਚਿੰਤਾ ਦੀ ਗੱਲ ਹੈ। ਰਾਸ਼ਟਰਪਤੀ ਸਾਈ ਨੇ ਨਵੇਂ ਸਾਲ ਦੇ ਆਪਣੇ ਸੰਦੇਸ਼ ਵਿਚ ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ਲਈ ਚੁੱਕੇ ਗਏ ਕਦਮਾਂ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਤਾਇਵਾਨ ਨੇ ਲਾਕਡਾਊਨ ਲਗਾਏ ਬਿਨਾਂ ਕੋਰੋਨਾ ਇਨਫੈਕਸ਼ਨ ‘ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਚੀਨ ਦੇ ਨੇੜੇ ਹੋਣ ਦੇ ਬਾਵਜੂਦ ਇਸ ਦੀਪੀ ਖੇਤਰ ਵਿਚ ਕੋਰੋਨਾ ਦੇ ਸਿਰਫ਼ 800 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ ਸੱਤ ਪੀੜਤਾਂ ਦੀ ਮੌਤ ਹੋਈ ਹੈ।