Sydney fireworks 2020: ਭਾਰਤ ਸਮੇਤ ਸਾਰੀ ਦੁਨੀਆ ਵਿੱਚ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ । ਇਨ੍ਹਾਂ ਦੇਸ਼ਾਂ ਵਿਚੋਂ ਆਸਟ੍ਰੇਲੀਆ ਦਾ ਨਾਂ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਆਉਂਦਾ ਹੈ, ਜਿੱਥੇ ਪਹਿਲਾਂ ਦਿਨ ਚੜ੍ਹਦਾ ਹੈ ਤੇ ਨਵੇਂ ਸਾਲ ਦਾ ਸਵਾਗਤ ਵੀ ਪਹਿਲਾਂ ਕੀਤਾ ਜਾਂਦਾ ਹੈ । ਆਸਟ੍ਰੇਲੀਆ ਵਿੱਚ ਹਮੇਸ਼ਾਂ ਹੀ ਨਵੇਂ ਸਾਲ ਦਾ ਜਸ਼ਨ ਪੂਰੇ ਜ਼ੋਰਾਂ ‘ਤੇ ਹੁੰਦਾ ਹੈ ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਦੱਖਣੀ ਹਿੱਸੇ ਵਿੱਚ ਜੰਗਲੀ ਅੱਗ ਲੱਗਣ ਕਾਰਨ ਇਸ ਵਾਰ ਪਰਥ ਵਿੱਚ ਆਤਿਸ਼ਬਾਜ਼ੀ ਨਹੀਂ ਹੋਵੇਗੀ । ਜੰਗਲੀ ਅੱਗ ਤੇ ਗਰਮੀ ਕਾਰਨ ਲੋਕ ਕਾਫੀ ਪ੍ਰੇਸ਼ਾਨ ਰਹੇ ਹਨ, ਪਰ ਫਿਰ ਵੀ ਦੁੱਖਾਂ ਨੂੰ ਭੁਲਾ ਕੇ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਵਿੱਚ ਰੁੱਝ ਗਏ ਹਨ । ਦਰਅਸਲ, ਨਵੇਂ ਸਾਲ ਦੇ ਮੌਕੇ ਆਸਟ੍ਰੇਲੀਆ ਵਿੱਚ ਭਾਰੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ।
ਜਿਸ ਕਾਰਨ ਸਿਡਨੀ ਦੀ ਆਤਿਸ਼ਬਾਜ਼ੀ ਦੇਖਣ ਲਈ ਲੋਕ ਦੇਸ਼-ਵਿਦੇਸ਼ ਤੋਂ ਇਕੱਠੇ ਹੋ ਜਾਂਦੇ ਹਨ । ਦੱਖਣੀ ਆਸਟ੍ਰੇਲੀਆ ਵਿੱਚ ਅੱਗ ਲੱਗਣ ਕਾਰਨ ਕੁੱਝ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਜੰਗਲੀ ਅੱਗ ਕਾਰਨ ਸਿਡਨੀ ਵਿੱਚ ਵੀ ਆਤਿਸ਼ਬਾਜ਼ੀ ਸ਼ੋਅ ਨੂੰ ਰੱਦ ਕੀਤਾ ਜਾਵੇ, ਪਰ ਅਧਿਕਾਰੀਆਂ ਅਨੁਸਾਰ ਵਿਦੇਸ਼ੀਆਂ ਵਲੋਂ ਹੋਟਲ ਅਤੇ ਫਲਾਈਟਸ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ ਗਈਆਂ ਹਨ ।
ਦੱਸ ਦੇਈਏ ਕਿ ਟਾਈਮ ਜ਼ੋਨ ਦੇ ਆਧਾਰ ‘ਤੇ ਪਰਥ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕੁੱਝ ਦੇਰ ਬਾਅਦ ਹੁੰਦੀ ਹੈ । ਇਸ ਸਬੰਧੀ ਟਰਾਂਸਪੋਰਟ ਮੰਤਰੀ ਰੀਟਾ ਸਾਫੀਓਟੀ ਨੇ ਕਿਹਾ ਕਿ ਲੋਕ ਨਵੇਂ ਸਾਲ ਤੇ ਘੁੰਮਣ-ਫਿਰਨ ਅਤੇ ਪਾਰਟੀ ਕਰਨ ਲਈ ਇਕੱਠੇ ਹੁੰਦੇ ਹਨ । ਉਨ੍ਹਾਂ ਨੇ ਹਿਦਾਇਤ ਦਿੰਦਿਆ ਕਿਹਾ ਕਿ ਉਹ ਸ਼ਰਾਬੀ ਡਰਾਈਵਰਾਂ ਨੂੰ ਬਖਸ਼ਣਗੇ ਨਹੀਂ । ਨਵੇਂ ਸਾਲ ਮੌਕੇ ਦੇਸ਼ ਭਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ।