ਅੰਮ੍ਰਿਤਸਰ-ਨਵੇਂ ਸਾਲ ਦੇ ਪਹਿਲੇ ਦਿਨ ਬੁੱਧਵਾਰ ਨੂੰ ਵੱਡੀ ਗਿਣਤੀ ਸ਼ਰਧਾਲੂ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਸ਼ਰਧਾਲੂਆਂ ਨੇ ਘੰਟਿਆਂਬੱਧੀ ਕਤਾਰਾਂ ਵਿਚ ਖੜ੍ਹ ਕੇ ਮੱਥਾ ਟੇਕਿਆ ਤੇ ਨਵੇਂ ਸਾਲ ਵਿਚ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਉਧਰ ਸਿਡਨੀ ਤੋਂ ਮੁੰਬਈ ਤੇ ਨੈਰੋਬੀ ਤੱਕ ਕੁਲ ਆਲਮ ਦੇ ਭਾਈਚਾਰਿਆਂ ਨੇ ਆਤਿਸ਼ਬਾਜ਼ੀ ਤੇ ਬੜੇ ਚਾਵਾਂ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਸ਼ਿਮਲਾ, ਧਰਮਸ਼ਾਲਾ ਅਤੇ ਮਨਾਲੀ ’ਚ ਵੀ ਲੋਕਾਂ ਨੇ ਨਵੇਂ ਸਾਲ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ।
ਇਸ ਦੌਰਾਨ ਦੇਸ਼ ਦੀਆਂ ਸਰਹੱਦਾਂ ਉੱਤੇ ਮਨ਼ਫੀ ਤਾਪਮਾਨ ਵਿਚ ਦੇਸ਼ ਦੀ ਰਾਖੀ ਕਰ ਰਹੇ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਦੇਸ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ।
ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ।
ਰਾਸ਼ਟਰਪਤੀ ਮੁਰਮੂ ਨੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਾਰਤ ਅਤੇ ਦੁਨੀਆ ਲਈ ਇੱਕ ਉੱਜਵਲ, ਵਧੇਰੇ ਸਮਾਵੇਸ਼ੀ ਅਤੇ ਟਿਕਾਊ ਭਵਿੱਖ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਨੂੰ ਨਵਿਆਉਣ ਲਈ ਕਿਹਾ।ਉਧਰ ਸ੍ਰੀ ਮੋਦੀ ਨੇ ਐਕਸ ’ਤੇ ਇਕ ਸੁਨੇਹੇ ਵਿਚ ਕਿਹਾ, ‘‘ਹੈਪੀ 2025! ਇਹ ਨਵਾਂ ਸਾਲ ਹਰੇਕ ਲਈ ਨਵੇਂ ਮੌਕੇ, ਸਫ਼ਲਤਾ ਤੇ ਬੇਸ਼ੁਮਾਰ ਖੁਸ਼ੀਆਂ ਲੈ ਕੇ ਆਏ। ਹਰ ਕਿਸੇ ਨੂੰ ਚੰਗੀ ਸਿਹਤ ਤੇ ਖ਼ੁਸ਼ਹਾਲੀ ਦੀ ਬਖ਼ਸ਼ਿਸ਼ ਹੋਵੇ।’’