ਨਸ਼ੇ ਦਾ ਪੇੜ ਲਾਇਆ ਕੀਹਨੇ ਪਤਾ ਨਹੀਂ, ਪਰ ਇਸਦੀਆਂ ਜੜਾਂ ਅੱਜ ਐਨੀਆਂ ਮਜਬੂਤ ਬਣ ਚੁੱਕੀਆਂ ਨੇ ਕਿ ਕੋਈ ਵੀ ਇਹਨਾਂ ਨੂੰ ਹੱਥ ਨਹੀਂ ਪਾ ਰਿਹਾ। ਘਰਾਂ ਦੇ ਘਰ ਇਸ ਲਹਿਰ ਵਿਚ ਤਹਿਸ ਨਹਿਸ ਹੋ ਰਹੇ ਹਨ। ਜਿਹਨਾਂ ਦੇ ਨੌਜਵਾਨ ਪੁੱਤ ਨਸ਼ੇ ਦੇ ਆਦੀ ਹਨ। ਉਨ੍ਹਾਂ ਮਾਪਿਆਂ ਦੀ ਹਾਲਤ ਬਹੁਤ ਖਰਾਬ ਹੈ। ਪੈਸਿਆਂ ਕਾਰਨ ਤੇ ਨੌਜਵਾਨ ਪੁੱਤਾਂ ਦੀ ਜਿੰਦਗੀ ਦਿਨੋਂ ਦਿਨ ਖਤਮ ਹੁੰਦੀ ਵੇਖ ਮਾਪੇ ਰੋਂਦੇ ਵਿਲਕਦੇ ਹਨ । ਜਿਹੜੀ ਔਲਾਦ ਨੂੰ ਪਾਲ ਪੋਸ ਕੇ ਮਾਪੇ ਇਹ ਆਸਾਂ ਲਾਉਂਂਦੇ ਨੇ, ਕਿ ਇੱਕ ਦਿਨ ਉਨ੍ਹਾਂ ਦਾ ਸਹਾਰਾ ਬਣੇਗੀ, ਉਹ ਔਲਾਦ ਨਸ਼ਿਆਂ ਦਾ ਸਹਾਰਾ ਲੈਣ ਲੱਗੇ ਤਾਂ ਕੀ ਕਰੇ ਕੋਈ। ਹਰ ਵਾਰ ਵੋਟਾਂ ਦੌਰਾਨ ਜਨਤਾ ਸਰਕਾਰ ਤੇ ਉਮੀਦ ਰੱਖਦੀ ਹੈ ਕਿ ਕੋਈ ਸੁਧਾਰ ਹੋਵੇਗਾ।
ਪਰ ਕਿੱਥੇ, ਮਸਲੇ ਜਿਉਂ ਦੇ ਤਿਉਂ ਲਟਕ ਕੇ ਰਹਿ ਜਾਂਦੇ ਹਨ। ਲੋਕ ਬੇਵੱਸ ਹੋ ਕੇ ਬਹਿ ਜਾਂਦੇ ਨੇ। ਹਰ ਵਾਰ ਨਵੀਂ ਸਰਕਾਰ ਤੇ ਨਵੀਆਂ ਆਸਾਂ ਜੋ ਨਾਮਾਤਰ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਬੇਰੁਜ਼ਗਾਰੀ ਹੀ ਬਹੁਤ ਬੜੀ ਸਮੱਸਿਆਂ ਹੈ ਖਾਸ ਕਰਕੇ ਪੰਜ਼ਾਬ ਵਿਚ, ਬਹੁਤ ਥੋੜੀ ਗਿਣਤੀ ਹੈ। ਉਹਨਾਂ ਪੰਜਾਬੀਆਂ ਦੀ ਜਿਹੜੇ ਪੜ ਲਿਖ ਕੇ ਇੱਥੇ ਸੈੱਟ ਹਨ, ਜਦਕਿ ਕੰਮ ਧੰਦਾ ਨਾ ਮਿਲਣ ਕਰਕੇ ਬਹੁਤੇ ਨੌਜਵਾਨ ਵਿਦੇਸ਼ਾ ਵੱਲ ਨੂੰ ਰੁਖ ਕਰ ਚੁੱਕੇ ਹਨ, ਜੋ ਕਿ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਬਹੁਤ ਗਿਣਤੀ ਵਿਚ ਵਿਹਲੇ ਹਨ ਤੇ ਬਾਕੀ ਨਸ਼ੇ ਦੇ ਆਦੀ ਹਨ। ਨਸ਼ਿਆ ਨੇ ਵਾਧੂ ਘਰ ਪੱਟੇ ਹੋਏ ਹਨ ਜਾਂ ਤਾਂ ਮਹਿੰਗੇ ਨਸ਼ਿਆਂ ਨੂੰ ਖਰੀਦਣ ਲਈ ਪੈਸੇ ਦਿਉ ਤੇ ਜਾਂ ਨਸ਼ਾ ਛੁਡਾਉ ਕੇਂਦਰਾਂ ਦਾ ਖਰਚਾ ਚੁੱਕੋ। ਫੇਰ ਵੀ ਤਸੱਲੀ ਨਹੀਂ ਕਿ ਵਾਪਸ ਆ ਕੇ ਪੁੱਤ ਨਸ਼ੇ ਤੋਂ ਦੂਰੀ ਬਣਾਏਗਾ…ਮਾਪੇ ਚੈਨ ਦਾ ਸਾਹ ਲੈ ਸਕਣਗੇ..
ਸਾਬ ਸਰੋਏ
ਪਿੰਡ ਬੇਗੋਵਾਲ (ਲੁਧਿਆਣਾ)
98785 17427