32.27 F
New York, US
February 3, 2025
PreetNama
Chandigharਸਮਾਜ/Socialਸਿਹਤ/Healthਖਬਰਾਂ/News

ਨਸ਼ਿਆਂ ਦੇ ਸਫਾਏ ਲਈ ਮੋਹਰੀ ਭੂਮਿਕਾ ਨਿਭਾਉਣ ਪੰਚਾਇਤਾਂ : ਜੈ ਕ੍ਰਿਸ਼ਨ ਸਿੰਘ ਰੌੜੀ

ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਇਥੇ ਜ਼ਿਲ੍ਹੇ ਦੀਆਂ 1403 ਪੰਚਾਇਤਾਂ ਦੇ 9314 ਪੰਚਾਂ ਤੇ ਸਰਪੰਚਾਂ ਨੂੰ ਉਨ੍ਹਾਂ ਦੇ ਅਹੁਦੇ ਦਾ ਹਲਫ਼ ਦਿਵਾਉਂਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਪੰਚਾਇਤਾਂ ਸਮਾਜਿਕ ਬੁਰਾਈਆ ਦੇ ਖਾਤਮੇ ਲਈ ਵੀ ਅੱਗੇ ਆ ਕੇ ਸਰਗਰਮ ਭੂਮਿਕਾ ਨਿਭਾਉਣ।

ਸਥਾਨਕ ਲਾਜਵੰਤੀ ਸਟੇਡੀਅਮ ਵਿਖੇ ਕਰਵਾਏ ਗਏ ਸਹੁੰ ਚੁੱਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿਚ 273 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆ ਗਈਆਂ ਹਨ ਜੋ ਪਿੰਡਾਂ ਵਿਚ ਆਪਸੀ ਭਾਈਚਾਰੇ ਦਾ ਸਬੂਤ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਪੰਚਾਇਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਸੱਦਾ ਦਿੱਤਾ ਕਿ ਲੋਕਾਂ ਵਲੋਂ ਉਨ੍ਹਾਂ ਦੇ ਮੋਢਿਆਂ ’ਤੇ ਪਾਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਂਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕਦਮ ਚੁੱਕਣ। ਉਨ੍ਹਾਂ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਹੁਣ ਤੋਂ ਹੀ ਜੁੱਟ ਜਾਣ ਤਾਂ ਜੋ ਸਰਕਾਰ ਵਲੋਂ ਚਲਾਈਆ ਜਾਂਦੀਆਂ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਦਾ ਲਾਭ ਲੋਕਾਂ ਤੱਕ ਜਲਦ ਤੋਂ ਜਲਦ ਪੁੱਜਦਾ ਹੋ ਸਕੇ।ਉਨ੍ਹਾਂ ਕਿਹਾ ਕਿ ਪੰਚਾਇਤਾਂ ਵਲੋਂ ਸਬੰਧਤ ਵਿਭਾਗਾਂ ਨਾਲ ਸਮੇਂ ਸਿਰ ਤਾਲਮੇਲ ਸਥਾਪਿਤ ਕਰਕੇ ਲੋੜੀਂਦੇ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ।
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਨਵੇਂ ਚੁਣੇ ਸਰਪੰਚਾਂ/ਪੰਚਾਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਪਿੰਡਾਂ ਵਿਚ ਸਮਾਜਿਕ ਅਲਾਮਤਾਂ ਦੇ ਮੁਕੰਮਲ ਸਫ਼ਾਏ ਲਈ ਪੰਚਾਇਤਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਰਿਕਾਰਡ ਵਿਕਾਸ ਕਰਵਾਉਣ ਦੇ ਨਾਲ-ਨਾਲ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਅਤੇ ਸਹਿਯੋਗ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਪਿੰਡਾਂ ਦਾ ਸਰਬਪੱਖੀ ਵਿਕਾਸ ਹੋ ਸਕੇ।
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪੰਚਾਇਤਾਂ ਨੂੰ ਤਾਕੀਦ ਕੀਤੀ ਕਿ ਉਹ ਪਿੰਡਾਂ ਵਿਚ ਆਪਸੀ ਸਾਂਝ ਨੂੰ ਮਜ਼ਬੂਤ ਕਰਦਿਆਂ ਬਿਨਾ ਕਿਸੇ ਭੇਦਭਾਵ ਤੋਂ ਹਰ ਪੱਖੋਂ ਵਿਕਾਸ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਵੀ ਲਾਮਬੰਦ ਹੋਣਾ ਸਮੇਂ ਦੀ ਮੁੱਖ ਮੰਗ ਹੈ ਜਿਸ ਲਈ ਹਰੇਕ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਤੱਤਪਰ ਹੈ ਅਤੇ ਇਸ ਮਕਸਦ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਪੰਚਾਇਤਾਂ ਸਰਕਾਰ ਅਤੇ ਪਿੰਡਾਂ ਵਿਚ ਅਹਿਮ ਕੜੀ ਹਨ ਅਤੇ ਵਿਕਾਸ ਕਾਰਜਾਂ ਲਈ ਇਨ੍ਹਾਂ ਦੀ ਭੂਮਿਕਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
ਆਈਆਂ ਸ਼ਖਸੀਅਤਾਂ ਅਤੇ ਪੰਚਾਂ/ਸਰਪੰਚਾਂ ਨੂੰ ਜੀ ਆਇਆਂ ਕਹਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਪੰਚਾਇਤਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ। । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪੂਰੇ ਅਮਨ-ਅਮਾਨ ਨਾਲ ਪੰਚਾਇਤੀ ਚੋਣਾਂ ਹੋਣ ਲਈ ਜ਼ਿਲ੍ਹਾ ਵਾਸੀ ਵਧਾਈ ਦੇ ਪਾਤਰ ਹਨ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਐਸ.ਐਸ.ਪੀ. ਸੁਰੇਂਦਰ ਲਾਂਬਾ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਸਮਾਗਮ ਦੇ ਮੁੱਖ ਮਹਿਮਾਨ ਡਾ. ਰਵਜੋਤ ਸਿੰਘ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕਾਂ ਬ੍ਰਮ ਸ਼ੰਕਰ ਜਿੰਪਾ, ਜਸਵੀਰ ਸਿੰਘ ਰਾਜਾ ਗਿੱਲ, ਕਰਮਬੀਰ ਸਿੰਘ ਘੁੰਮਣ, ਡਾ. ਇਸ਼ਾਂਕ ਕੁਮਾਰ ਅਤੇ ਹੋਰਨਾਂ ਸ਼ਖਸੀਅਤਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰ ਰਣਜੀਤ ਚੌਧਰੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੇਵ ਰਾਜ, ਚੇਅਰਮੈਨ ਪਛੜੀਆਂ ਸ਼੍ਰੈਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਸੰਦੀਪ ਸੈਣੀ, ਮੈਂਬਰ ਗਊ ਸੇਵਾ ਕਮਿਸ਼ਨ ਜਸਪਾਲ ਸਿੰਘ ਚੇਚੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਹਰਮਿੰਦਰ ਬਖਸ਼ੀ, ਆਮ ਆਦਮੀ ਪਾਰਟੀ ਦੇ ਮੁਕੇਰੀਆਂ ਤੋਂ ਹਲਕਾ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ, ਡਾ. ਜਤਿੰਦਰ ਕੁਮਾਰ, ਕੋਅਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਆਦਿ ਵੀ ਮੌਜੂਦ ਸਨ।

Related posts

ਐਸਐਸਪੀ ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਜ਼ਾਰੀ, ਭਲਕੇ ਕਰਨਗੇ ਰੇਲਾਂ ਜਾਮ.!!

Pritpal Kaur

Healthy Diet For Men : ਅਜਿਹੇ ਪੰਜ ਫੂਡ ਜੋ ਮਰਦਾਂ ਨੂੰ ਨਹੀਂ ਖਾਣੇ ਚਾਹੀਦੇ, ਜਾਣੋ ਕੀ ਹਨ ਇਸਦੇ ਮੁੱਖ ਕਾਰਨ…

On Punjab

ਸਾਵਧਾਨ : ਫੋਨ ਨੂੰ ਸਿਰਹਾਣੇ ਰੱਖ ਕੇ ਸੌਣ ਵਾਲਿਆਂ ਲਈ ਬੁਰੀ ਖ਼ਬਰ, ਗੰਭੀਰ ਬਿਮਾਰੀ ਦਾ ਮੰਡਰਾ ਰਿਹੈ ਖ਼ਤਰਾ

On Punjab