ਲੋਕਸਭਾ ਵਿੱਚ ਸੋਮਵਾਰ ਨੂੰ ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ ਵਿੱਚ ਤਣਾਅ ਦੀ ਸਥਿਤੀ ਬਣ ਗਈ ਹੈ । ਇਹ ਤਣਾਅ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਇਸ ਬਿੱਲ ਦੇ ਵਿਰੋਧ ਵਿੱਚ ਵਿਦਿਆਰਥੀ ਸੰਗਠਨ ਅਤੇ ਆਲ ਆਸਾਮ ਸਟੂਡੈਂਟ ਯੂਨੀਅਨ ਵਲੋਂ 12 ਘੰਟੇ ਦਾ ਬੰਦ ਸ਼ੁਰੂ ਹੋ ਗਿਆ ਹੈ । ਆਸਾਮ ਦੇ ਬੰਦ ਦੇ ਐਲਾਨ ਨਾਲ ਹੀ ਸੜਕਾਂ ‘ਤੇ ਸੰਨਾਟਾ ਪਸਰਿਆ ਹੋਇਆ ਹੈ ।
ਇਸ ਬੰਦ ਨੂੰ ਲੈ ਕੇ ਕਈ ਹੋਰ ਸੰਗਠਨਾਂ ਅਤੇ ਸਿਆਸੀ ਦਲਾਂ ਵੱਲੋਂ ਵੀ ਇਸ ਨੂੰ ਆਪਣਾ ਸਮਰਥਨ ਦਿੱਤਾ ਜਾ ਰਿਹਾ ਹੈ । ਇਸ ਬੰਦ ਦੇ ਮੱਦੇਨਜ਼ਰ ਆਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ । ਨਾਗਰਿਕਤਾ ਸੋਧ ਬਿੱਲ ਵਿੱਚ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਧਾਰਮਿਕ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਭਾਰਤ ਆਏ ਹਿੰਦੂ, ਸਿੱਖ, ਬੌਧ, ਜੈਨ, ਪਾਰਸੀ ਅਤੇ ਈਸਾਈ ਭਾਈਚਾਰਿਆਂ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਲਈ ਬੇਨਤੀ ਕਰਨ ਯੋਗ ਬਣਾਉਣ ਦੀ ਵਿਵਸਥਾ ਹੈ ।
ਲੋਕ ਸਭਾ ਵਿੱਚ ਬਿੱਲ ‘ਤੇ ਚਰਚਾ ਤੋਂ ਬਾਅਦ ਹੇਠਲੇ ਸਦਨ ਦੀ ਮਨਜ਼ੂਰੀ ਮਿਲ ਗਈ ਹੈ । ਜਿਸ ਤੋਂ ਬਾਅਦ ਇਸ ਬਿੱਲ ਖਿਲਾਫ਼ ਖੇਤਰ ਦੇ ਵੱਖ-ਵੱਖ ਸੰਗਠਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।
ਬੰਦ ਦੇ ਚੱਲਦਿਆਂ ਗੁਹਾਟੀ ਯੂਨੀਵਰਸਿਟੀ ਅਤੇ ਡਿਬਰੂਗੜ ਯੂਨੀਵਰਸਿਟੀ ਵੱਲੋਂ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਹਨ । ਇਹ ਬਿੱਲ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਮਿਜ਼ੋਰਮ ਵਿੱਚ ਲਾਗੂ ਨਹੀਂ ਹੋਵੇਗਾ, ਜਿੱਥੇ ILP ਵਿਵਸਥਾ ਹੈ ।