ਚੰਡੀਗੜ੍ਹ: ਪੰਜਾਬ ਵਿੱਚ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਗਹਿਮਾ-ਗਹਿਮੀ ਰਹੀ। ਸਵੇਰ ਤੋਂ ਸਿਆਸੀ ਦਿੱਗਜ ਪਰਚੇ ਭਰ ਰਹੇ ਹਨ। ਕਈਆਂ ਨੇ ਪਰਚੇ ਦਾਖ਼ਲ ਕਰਵਾ ਲਏ ਹਨ। ਬੀਜੇਪੀ ਵੱਲੋਂ ਬਾਲੀਵੁਡ ਸਟਾਰ ਸਨੀ ਦਿਓਲ ਨੇ ਗੁਰਦਾਸਪੁਰ ਵਿੱਚ ਨਾਮਜ਼ਦਗੀ ਦਾਖ਼ਲ ਕਰਵਾਈ। ਉੱਧਰ ਰੂਪਨਗਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਕਾਂਗਰਸ ਵੱਲੋਂ ਮਨੀਸ਼ ਤਿਵਾਰੀ ਨੇ ਨਾਮਜ਼ਦਗੀ ਪੱਤਰ ਭਰਿਆ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਸੀਟ ਤੋਂ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਕੈਂਡੀਡੇਟ ਵਜੋਂ ਨਾਮਜ਼ਦਗੀ ਦਾਖ਼ਲ ਕਰਵਾਈ। ਸੋਮਵਾਰ ਨੂੰ ਪੰਜਾਬ ਵਿੱਚ ਨਾਮਜ਼ਦਗੀ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ। ਸੂਬੇ ਵਿੱਚ 13 ਲੋਕ ਸਭਾ ਸੀਟਾਂ ਲਈ 19 ਮਈ ਨੂੰ ਵੋਟਾਂ ਪੈਣਗੀਆਂ।
ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਤੇ ਕਾਂਗਰਸੀ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ। ਪ੍ਰੋ. ਚੰਦੂਮਾਜਰਾ ਨਾਲ ਨਾਮਜ਼ਦਗੀ ਭਰਨ ਵੇਲੇ ਸੀਨੀਅਰ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਕਈ ਹੋਰ ਅਕਾਲੀ ਲੀਡਰ ਮੌਜੂਦ ਸਨ। ਕਾਂਗਰਸ ਉਮੀਦਵਾਰ ਮਨੀਸ਼ ਤਿਵਾਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹੋਰ ਮੌਜੂਦ ਸਨ।
ਸੰਗਰੂਰ ਹਲਕੇ ਦੀ ਗੱਲ ਕੀਤੀ ਜਾਏ ਤਾਂ ਇੱਥੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਅੱਜ ਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਕਰਵਾਇਆ। ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਬਨਦੀਪ ਸਿੰਘ ਬੰਨੀ ਨੇ ਨਾਮਜ਼ਦਗੀ ਭਰੀ। ਪਹਿਲਾਂ ਆਪ ਨੇ ਇੱਥੋਂ ਬਨਦੀਪ ਦੀ ਮਾਂ ਹਰਬੰਸ ਕੌਰ ਦੂਲੋ ਨੂੰ ਟਿਕਟ ਦਿੱਤੀ ਸੀ। ‘ਆਪ’ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਦੀ ਆਡੀਓ ਕਲਿੱਪ ਜਾਰੀ ਹੋਣ ਮਗਰੋਂ ਟਿਕਟ ਵਾਪਸ ਲੈ ਲਈ ਗਈ ਸੀ।
ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਤੋਂ ਪੀਡੀਏ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਉਨ੍ਹਾਂ ਆਪਣੀ ਪਤਨੀ ਨੂੰ ਕਵਰਿੰਗ ਕੈਂਡੀਡੇਟ ਬਣਾਇਆ ਹੈ।