ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (ਨਾਸਾ) ਅਤੇ ਯੂਰਪੀਅਨ ਸਪੇਸ ਏਜੰਸੀ (ਈਐੱਸਏ) ਨੇ ਨਾਸਾ ਦੇ ਸਪੇਸਐਕਸ ਕਰੂ-3 ਮਿਸ਼ਨ ਲਈ ਭਾਰਤੀ ਮੂਲ ਦੇ ਅਮਰੀਕੀ ਸਮੇਤ ਤਿੰਨ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ। ਇਹ ਮਿਸ਼ਨ ਸਾਲ 2021 ਵਿਚ ਲਾਂਚ ਹੋਣ ਦੀ ਉਮੀਦ ਹੈ।
ਤਿੰਨ ਪੁਲਾੜ ਯਾਤਰੀਆਂ ਵਿਚ ਸ਼ਾਮਲ ਕੀਤੇ ਗਏ ਰਾਜਾ ਚਾਰੀ ਅਮਰੀਕੀ ਹਵਾਈ ਫ਼ੌਜ ‘ਚ ਕਰਨਲ ਹਨ। ਉਧਰ, ਟਾਮ ਮਾਰਸ਼ਬਰਨ ਮਿਸ਼ਨ ਦੇ ਕਮਾਂਡਰ ਅਤੇ ਪਾਇਲਟ ਵਜੋਂ ਕੰਮ ਕਰਨਗੇ। ਯੂਰਪੀਅਨ ਸਪੇਸ ਏਜੰਸੀ ਨਾਲ ਸਬੰਧ ਰੱਖਣ ਵਾਲੇ ਤੀਜੇ ਪੁਲਾੜ ਯਾਤਰੀ ਮੈਥੀਯਸ ਮੌਰਰ ਇਕ ਮਿਸ਼ਨ ਮਾਹਿਰ ਵਜੋਂ ਕੰਮ ਕਰਨਗੇ। ਨਾਸਾ ਅਤੇ ਈਐੱਸਏ ਦੀ ਸਮੀਖਿਆ ਪਿੱਛੋਂ ਮਿਸ਼ਨ ਵਿਚ ਚੌਥੇ ਕਰੂ ਮੈਂਬਰ ਨੂੰ ਸ਼ਾਮਲ ਕੀਤਾ ਜਾਵੇਗਾ। ਰਾਜਾ ਚਾਰੀ ਦੀ ਇਹ ਪਹਿਲੀ ਪੁਲਾੜ ਯਾਤਰਾ ਹੋਵੇਗੀ। ਉਹ ਸਾਲ 2017 ਵਿਚ ਨਾਸਾ ਦੇ ਪੁਲਾੜ ਯਾਤਰੀ ਬਣੇ ਸਨ। ਚਾਰੀ ਦਾ ਜਨਮ ਮਿਲਵਾਕੀ ਵਿਚ ਹੋਇਆ ਸੀ ਪ੍ਰੰਤੂ ਉਨ੍ਹਾਂ ਦਾ ਗ੍ਹਿ ਸੂਬਾ ਆਯੋਵਾ ਮੰਨਿਆ ਜਾਂਦਾ ਹੈ। ਅਮਰੀਕੀ ਹਵਾਈ ਫ਼ੌਜ ਵਿਚ ਬਤੌਰ ਕਰਨਲ ਤਾਇਨਾਤ ਰਾਜਾ ਚਾਰੀ ਨੂੰ ਪ੍ਰਰੀਖਣ ਉਡਾਣ ਦਾ ਕਾਫ਼ੀ ਅਨੁਭਵ ਹੈ। ਉਨ੍ਹਾਂ ਨੂੰ 2,500 ਘੰਟੇ ਤੋਂ ਵੱਧ ਉਡਾਣ ਦਾ ਅਨੁਭਵ ਹੈ। ਚਾਰੀ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਆਰਟੇਮਿਸ ਟੀਮ ਦੇ ਮੈਂਬਰ ਵਜੋਂ ਚੁਣਿਆ ਗਿਆ ਸੀ ਅਤੇ ਹੁਣ ਉਹ ਭਵਿੱਖ ਵਿਚ ਚੰਦਰਮਾ ਮਿਸ਼ਨ ਵਿਚ ਕੰਮ ਕਰਨ ਦੇ ਪਾਤਰ ਹਨ।