ਨਵੀਂ ਦਿੱਲੀ: ਵਿਸ਼ਵ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਵੱਡੇ ਪੱਧਰ ‘ਤੇ ਧੋਨੀ ਨੂੰ ਪਿਛਲੇ ਬੱਲੇਬਾਜ਼ਾਂ ਵਿੱਚ ਖਿਡਾਉਣ ‘ਤੇ ਸਵਾਲ ਉੱਠੇ ਸਨ। ਹੁਣ ਕੋਚ ਰਵੀ ਸ਼ਾਸਤਰੀ ਨੇ ਇਸ ਵਿਵਾਦ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਇਸ ਦਾ ਕਾਰਨ ਕਮਜ਼ੋਰ ਮੱਧ ਕ੍ਰਮ ਸੀ।
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸ਼ਾਸਤਰੀ ਦਾ ਤਰਕ ਸੀ ਕਿ ਮਿਡਲ ਆਰਡਰ ਵਿੱਚ ਇੱਕ ਮਜ਼ਬੂਤ ਬੱਲੇਬਾਜ਼ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਸਮਾਂ ਰਹਿੰਦੇ ਖ਼ਤਮ ਨਹੀਂ ਕੀਤਾ ਜਾ ਸਕਿਆ। ਕੇਐਲ ਰਾਹੁਲ, ਵਿਕਲਪ ਸੀ ਪਰ ਸ਼ਿਖਰ ਧਵਨ ਜ਼ਖ਼ਮੀ ਹੋ ਗਏ ਫਿਰ ਵਿਜੇ ਸ਼ੰਕਰ ਨੂੰ ਵੀ ਸੱਟ ਵੱਜ ਗਈ ਤੇ ਅਸੀਂ ਇਸ ਨੂੰ ਕਾਬੂ ਨਹੀਂ ਰੱਖ ਸਕੇ।
ਇਹ ਪੁੱਛਣ ‘ਤੇ ਕਿ ਕੀ ਮਿਅੰਕ ਅੱਗਰਵਾਲ ਨੂੰ ਸਲਾਮੀ ਬੱਲੇਬਾਜ਼ ਵਜੋਂ ਤੇ ਕੇ ਐਲ ਰਾਹੁਲ ਨੂੰ ਚੌਥੇ ਨੰਬਰ ‘ਤੇ ਭੇਜਣ ਬਾਰੇ ਸੋਚਿਆ ਸੀ, ਤਾਂ ਸ਼ਾਸਤਰੀ ਨੇ ਜਵਾਬ ਦਿੱਤਾ ਕਿ ਬਿਲਕੁਲ ਨਹੀਂ। ਉਨ੍ਹਾਂ ਕਿਹਾ ਕਿ ਮਿਅੰਕ ਅੱਗਰਵਾਲ ਜਦ ਪਹੁੰਚੇ ਤਾਂ ਸਾਡੇ ਕੋਲ ਸਮਾਂ ਨਹੀਂ ਸੀ। ਜੇਕਰ ਸਾਡੇ ਕੋਲ ਇੱਕ ਮੈਚ ਹੁੰਦਾ ਤਾਂ ਅਸੀਂ ਅਜਿਹਾ ਜ਼ਰੂਰ ਕਰ ਸਕਦੇ ਸੀ।
ਸ਼ਾਸਤਰ ਨੇ ਧੋਨੀ ਦੇ ਬੈਟਿੰਗ ਆਰਡਰ ਬਾਰੇ ਕਿਹਾ ਕਿ ਇਹ ਟੀਮ ਦਾ ਫੈਸਲਾ ਸੀ। ਸੌਖਾ ਸੀ ਤੇ ਸਾਰਿਆਂ ਦੀ ਸਹਿਮਤੀ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਤੁਸੀਂ ਚਾਹੁੰਦੇ ਸੀ ਕਿ ਧੋਨੀ ਛੇਤੀ ਬੈਟਿੰਗ ਕਰਨ ਆਉਣ ਤੇ ਆਊਟ ਹੋ ਜਾਣ, ਇਸ ਨਾਲ ਟੀਚੇ ਨੂੰ ਹਾਸਲ ਕਰ ਸਕਣਾ ਬੇਹੱਦ ਮੁਸ਼ਕਿਲ ਹੋ ਜਾਣਾ ਸੀ। ਧੋਨੀ ਸਭ ਤੋਂ ਸ਼ਾਨਦਾਰ ਫਿਨਿਸ਼ਰ ਹਨ ਤੇ ਉਨ੍ਹਾਂ ਦੀ ਵਰਤੋਂ ਇਸ ਤਰ੍ਹਾਂ ਕਰਨਾ ਵੱਡੀ ਗ਼ਲਤੀ ਹੁੰਦੀ, ਜਿਸ ‘ਤੇ ਪੂਰੀ ਟੀਮ ਇੱਕਜੁਟ ਸੀ। ਉਨ੍ਹਾਂ ਭਾਰਤ ਦੇ ਮੈਚ ਤੋਂ ਬਾਹਰ ਹੋਣ ‘ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।