ਨਿਊਜ਼ੀਲੈਂਡ `ਚ ਇਕ ਪੰਜਾਬੀ ਨੌਜਵਾਨ ਨੇ ਆਪਣੀ ਜਾਨ `ਤੇ ਖੇਡ ਕੇ ਇੱਕ ਵਿਅਕਤੀ ਨੂੰ ਡੁਬਣੋਂ ਬਚਾ ਲਿਆ। ਉਸਦੇ ਹੌਂਸਲੇ ਭਰੇ ਕਦਮ ਨੂੰ ਪੁਲਿਸ ਨੇ ਸ਼ਲਾਘਯੋਗ ਦੱਸਿਆ ਹੈ ਕਿ ਇਕ ਅਣਹੋਣੀ ਘਟਨਾ ਵਾਪਰਨ ਤੋਂ ਟਲ ਗਈ। ਪੁਲਿਸ ਨੇ ਪ੍ਰਸ਼ੰਸਾ ਪੱਤਰ ਸੌਂਪ ਕੇ ਉਸਦਾ ਧੰਨਵਾਦ ਕੀਤਾ ਹੈ। ਹਾਲਾਂਕਿ ਪੁਲਿਸ ਨੂੰ ਰੋਸ ਵੀ ਹੈ ਕਿ ਕਈ ਲੋਕ ਮਦਦ ਕਰਨ ਦੀ ਥਾਂ ਵੀਡੀਓ ਹੀ ਬਣਾਉਂਦੇ ਰਹੇ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੁਝ ਦਿਨ ਪਹਿਲਾਂ ਰਾਜਧਾਨੀ ਵਲੰਗਿਟਨ ਨੇੜੇ ਪੋਰੀਰੂਆ `ਚ ਵਾਪਰੀ ਸੀ। ਜਿੱਥੇ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਉਰੀਆਨਾ ਕੌਰ, ਟੀਟਾਹੀ ਬੇਅ `ਤੇ ਬੈਠੇ ਕੁੱਝ ਖਾ-ਪੀ ਰਹੇ ਸਨ। ਜਿਸ ਦੌਰਾਨ ਉਨ੍ਹਾਂ ਵੇਖਿਆ ਕਿ ਇਕ ਵਿਅਕਤੀ ਪਾਣੀ `ਚ ਡੁੱਬ ਰਿਹਾ ਸੀ। ਪਾਣੀ `ਚ ਤਰਨਾ ਨਾ ਜਾਨਣ ਦੇ ਬਾਵਜੂਦ ਸੁਖਵਿੰਦਰ ਸਿੰਘ ਤੁਰੰਤ ਆਪਣੇ ਕੱਪੜੇ ਲਾਹ ਕੇ ਪਾਣੀ ਵੜ੍ਹ ਗਿਆ ਅਤੇ ਡੁੱਬਦੇ ਵਿਅਕਤੀ ਨੂੰ ਬਾਹਰ ਕੱਢ ਲਿਆਂਦਾ। ਇਸੇ ਦੌਰਾਨ ਉਸਦੀ ਪਤਨੀ ਉਰੀਆਨਾ ਕੌਰ ਨੇ ਐਮਰਜੈਸੀ ਸੇਵਾਵਾਂ ਵਾਸਤੇ ਫ਼ੋਨ ਕਰ ਦਿੱਤਾ ਅਤੇ ਪੁਲੀਸ ਮੌਕੇ `ਤੇ ਪੁੱਜ ਗਈ। ਮੁੱਢਲੀ ਮੈਡੀਕਲ ਸੇਵਾ ਤੋਂ ਬਾਅਦ ਪੀੜਿਤ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਜਿਸ ਪਿੱਛੋਂ ਪੁਲਿਸ ਨੇ ਏਰੀਆ ਕਮਾਂਡਰਜ਼ ਸਰਟੀਫਿਕੇਟ ਆਫ ਐਪਰੀਸੀਏਸ਼ਨ ਦਿੱਤਾ ਹੈ।