ਨਿਊਜ਼ੀਲੈਂਡ ‘ਚ ਇਕ ਪਾਰਲੀਮੈਂਟ ਵੱਲੋਂ ਗਠਿਤ ਕੀਤੀ ਗਈ ਨਵੀਂ ਯੂਥ ਕੌਂਸਲ ‘ਚ ਪੰਜਾਬੀ ਮੂਲ ਦੇ ਮੁੰਡੇ ਕੁੜੀਆਂ ਮੋਹਰੀ ਰਹੇ ਹਨ। ਛੇ ਮੈਂਬਰੀ ਕਮੇਟੀ ‘ਚ ਪੰਜਾਬੀ ਪਰਿਵਾਰਾਂ ਦੀਆਂ ਦੋ ਕੁੜੀਆਂ ਤੇ ਦੋ ਮੁੰਡਿਆਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਜੋ ਅਗਲੇ ਸਾਲ ਦੇ ਸ਼ੁਰੂ ‘ਚ ਪਾਰਲੀਮੈਂਟ ਵਿਚ ਹੋਰ ਪਾਰਲੀਮੈਂਟ ਮੈਂਬਰਾਂ ਨਾਲ ਵੀ ਮਿਲ ਕੇ ਵਿਚਾਰਾਂ ਕਰਨਗੇ ਤੇ ਕਮਿਊਨਿਟੀ ਦੇ ਕੰਮਾਂ ‘ਚ ਭਾਗ ਲੈਣਗੇ।
ਆਕਲੈਂਡ ਦੇ ਟਾਕਾਨਿਨੀ ਹਲਕੇ ਨਾਲ ਸਬੰਧਤ ਸੱਤਧਾਰੀ ਲੇਬਰ ਪਾਰਟੀ ਦੇ ਪਾਰਲੀਮੈਂਟ ਮੈਂਬਰ ਡਾ ਨੀਰੂ ਲੇਵਾਸਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਮਹੱੱਤਵਪੂਰਨ ਕਮਿਊਨਿਟੀ ਮਾਮਲਿਆਂ ‘ਤੇ ਹੋਰ ਚਰਚਾ ਕਰਨ ਲਈ ‘ਟਾਕਾਨਿਨੀ ਇਲੈਕਟੋਰੇਟ ਯੂਥ ਕੌਂਸਲ’ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸਦੀ ਪੰਜ ਮੈਂਬਰੀ ਕਮੇਟੀ ਲਈ ਰਵਨੀਤ ਕੌਰ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ ਕੁਝ ਦਿਨ ਪਹਿਲਾਂ ਯੂਥ ਪਾਰਲੀਮੈਂਟ ਮੈਂਬਰ ਵਜੋਂ ਚੁਣੀ ਗਈ ਸੀ। ਉਹ ਉਰਮਿਸਟਨ ਕਾਲਜ ਦੀ ਵਿਦਿਆਰਥਣ ਹੈ।
ਇਸੇ ਕਾਲਜ ਦੇ ਗੁਰਮੇਹਰ ਬਾਜਵਾ ਨੂੰ ਡਿਪਟੀ ਚੇਅਰਪਰਸਨ ਤੇ ਅਲਫਰਿਸਟਨ ਕਾਲਜ ‘ਚ 11ਵੀਂ ਕਲਾਸ ਦੇ ਵਿਦਿਆਰਥੀ ਸਿਮਰਤ ਸਿੰਘ ਨੂੰ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ। ਸਿਮਰਤ, ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਦੇ ਚੇਅਰਪਰਸਨ ਮਨਜਿੰਦਰ ਸਿੰਘ ਬਾਸੀ ਦਾ ਪੁੱਤਰ ਹੈ, ਜੋ ਲਾਕਡਾਊਨ ਦੌਰਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ‘ਚ ਵੀ ਵਲੰਟੀਅਰ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਸਿਰਮਤ, ਜਲੰਧਰ ਜ਼ਿਲ੍ਹੇ ਦੇ ਪਿੰਡ ਦਾਦੂਵਾਲ (ਨੇੜੇ ਫਗਵਾੜਾ) ਨਾਲ ਸਬੰਧਤ ਹੈ ਤੇ ਉਸ ਦੇ ਦਾਦਾ ਬਲਦੇਵ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਦਾਦੂਵਾਲ ‘ਚ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਪੜ੍ਹਾਉਣ ਪਿੱਛੋਂ ਸੇਵਾ-ਮੁਕਤ ਹੋਏ ਹਨ।
ਇਸ ਤਰ੍ਹਾਂ ਉਰਮਿਸਟਨ ਸੀਨੀਅਰ ਕਾਲਜ ਦੀ ਵਿਦਿਆਰਥਣ ਨਵਨੀਤ ਕੌਰ ਢਿੱਲੋਂ ਨੂੰ ਕਮਿਊਨਿਟੀ ਆਊਟਰੀਚ ਆਫ਼ੀਸਰ ਤੇ ਬੌਟਨੀ ਡਾਊਨਜ ਸਕੈਂਡਰੀ ਕਾਲਜ ਦੀ ਵਿਦਿਆਰਥਣ ਆਯਸ਼ਾ ਹਸਨ ਨੂੰ ਖਜ਼ਾਨਚੀ ਤੋਂ ਇਲਾਵਾ ਪੈਸੀਫਿਕ ਭਾਈਚਾਰੇ ਨਾਲ ਸਬੰਧਤ ਟੋਰਾ ਐਪੀਨੀਰੂ ਨੂੰ ਈਵੈਂਟ ਮੈਨੇਜਰ ਬਣਾਇਆ ਗਿਆ ਹੈ।
ਪਾਰਲੀਮੈਂਟ ਮੈਂਬਰ ਡਾ ਨੀਰੂ ਦੱਸਿਆ ਕਿ ਯੂਥ ਕੌਂਸਲਾ ਦਾ ਕਾਰਜਕਾਲ ਥੂਥ ਪਾਰਲੀਮੈਂਟ ਤੋਂ ਵੱਖਰਾ ਹੋਵੇਗਾ। ਜਿਹੜੇ ਨੌਜਵਾਨਾਂ ਨੂੰ ਯੂਥ ਪਾਰਲੀਮੈਂਟ ਦੇ ਰੂਪ `ਚ ਟੈਲੈਂਟ ਵਿਖਾਉਣ ਦਾ ਮੌਕਾ ਨਹੀਂ ਮਿਲਿਆ, ਉਹ ਯੂਥ ਕੌਂਸਲ ਰਾਹੀਂ ਆਪਣੀ ਪ੍ਰਤਿਭਾ ਵਿਖਾ ਸਕਣਗੇ। ਇਸ ਦੌਰਾਨ ਯੂਥ ਲੀਡਰਸਿ਼ਪ, ਮੀਡੀਆ ਅਤੇ ਪੌਲਟਿਕਸ ਬਾਰੇ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਦੇ ਲੀਡਰਾਂ ਨੂੰ ਤਿਆਰ ਕੀਤਾ ਜਾ ਸਕੇ।
ਦੱਸਣਯੋਗ ਹੈ ਕਿ ਹਰ ਜਨਰਲ ਪਾਰਲੀਮੈਂਟ ਦੀ ਤਿੰਨ ਸਾਲਾ ਮਿਆਦ ਦੌਰਾਨ 120 ਪਾਰਲੀਮੈਂਟ ਮੈਂਬਰਾਂ ਦੁਆਰਾ ਇਕ ਸਾਲ ਵਾਸਤੇ ਸਕੂਲਾਂ-ਕਾਲਜਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਯੂਥ ਪਾਰਲੀਮੈਂਟ ਮੈਂਬਰ ਚੁਣਿਆ ਜਾਂਦਾ ਹੈ। ਮੌਜੂਦਾ 53ਵੀਂ ਪਾਰਲੀਮੈਂਟ ਦੀ 10ਵੀਂ ਯੂਥ ਪਾਰਲੀਮੈਂਟ ਦੀ ਮਿਆਦ ਅਗਲੇ ਸਾਲ 1 ਮਾਰਚ ਤੋਂ ਸ਼ੁਰੂ ਹੋ ਕੇ 31 ਅਗਸਤ ਤਕ ਚੱਲੇਗੀ। ਜਿਸ ਦੌਰਾਨ 19 ਤੇ 20 ਜੁਲਾਈ ਨੂੰ ਯੂਥ ਪਾਰਲੀਮੈਂਟ ਮੈਂਬਰ ਪਾਰਲੀਮੈਂਟ ‘ਚ ਬੈਠਣਗੇ ਤੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਕਰਨਗੇ। ਜਿਸ ਮੌਕੇ ਉਨ੍ਹਾਂ ਨੂੰ ਕੁਇਸਚਨ ਟਾਈਮ, ਸਿਲੈਕਟ ਕਮੇਟੀਜ਼, ਜਨਰਲ ਡਿਬੇਟ, ਲੈਜਿਸਲੇਟਿਵ ਡਿਬੇਟ ਤੇ ਵੋਟ ਤੋਂ ਇਲਾਵਾ ਪਾਰਟੀ ਕੌਕਸ ਸੈਸ਼ਨ ਦੇ ਢੰਗ-ਤਰੀਕੇ ਸਿੱਖਣ ਦਾ ਮੌਕਾ ਮਿਲੇਗਾ।