ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਆਪਣੇ ਪ੍ਰਰੇਮੀ ਕਲਾਰਕ ਗੇਫੋਰਡ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਜੇਸਿੰਡਾ ਨੇ ਕਿਹਾ ਕਿ ਉਹ ਅਗਲੀਆਂ ਗਰਮੀਆਂ ‘ਚ ਵਿਆਹ ਕਰਵਾਏਗੀ। ਇਹ ਜਾਣਕਾਰੀ ਉਨ੍ਹਾਂ ਇਕ ਇੰਟਰਵਿਊ ਦੌਰਾਨ ਦਿੱਤੀ। ਫਿਲਹਾਲ ਉਨ੍ਹਾਂ ਵਿਆਹ ਦੀ ਤਰੀਕ ਨਹੀਂ ਦੱਸੀ। ਜੇਸਿੰਡਾ ਅਰਡਰਨ ਆਪਣੇ ਪ੍ਰਰੇਮੀ ਨਾਲ ਪਹਿਲਾਂ ਤੋਂ ਹੀ ਰਹਿ ਰਹੀ ਹੈ। ਉਨ੍ਹਾਂ ਦੀ ਇਕ ਸਾਲ ਦੀ ਬੱਚੀ ਨੀਵ ਵੀ ਹੈ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਵਿਆਹ ਗਰਮੀ ਦੇ ਮੌਸਮ ‘ਚ ਕਰਵਾਉਣ ਦੀ ਗੱਲ ਕਹੀ ਹੈ। ਨਾਰਥ ਪੋਲ ‘ਚ ਗਰਮੀ ਦਾ ਮੌਸਮ ਦਸੰਬਰ ਤੋਂ ਫਰਵਰੀ ਵਿਚਾਲੇ ਹੁੰਦਾ ਹੈ। ਅਜਿਹੀ ਸਥਿਤੀ ‘ਚ ਇਨ੍ਹਾਂ ਮਹੀਨਿਆਂ ਦੌਰਾਨ ਹੀ ਉਨ੍ਹਾਂ ਦਾ ਵਿਆਹ ਹੋਵੇਗਾ। ਪ੍ਰਧਾਨ ਮੰਤਰੀ ਜੇਸਿੰਡਾ ਤੇ ਕਲਾਰਕ ਗੇਫੋਰਡ ਲੰਬੇ ਸਮੇਂ ਤਕ ਦੋਸਤ ਰਹੇ ਹਨ। ਦੋ ਸਾਲ ਪਹਿਲਾਂ ਜੇਸਿੰਡਾ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਦੋਸਤ ਗੇਫੋਰਡ ਨਾਲ ਪਾਰਟਨਰ ਵਜੋਂ ਰਹੇਗੀ।
ਗੇਫੋਰਡ ਟੀਵੀ ‘ਤੇ ਸ਼ੋਅ ਹੋਸਟ ਕਰਦੇ ਸਨ। ਉਹ ਫਿਸ਼ਿੰਗ ਸ਼ੋਅ ਦੇ ਪ੍ਰਰੈਜ਼ੈਂਟਰ ਰਹੇ ਹਨ। ਹੁਣ ਉਨ੍ਹਾਂ ਨੇ ਆਪਣੀ ਬੱਚੀ ਦੀ ਦੇਖਭਾਲ ਕਰਨ ਦਾ ਫ਼ੈਸਲਾ ਕੀਤਾ ਹੈ। ਜੇਸਿੰਡਾ ਦੂਸਰੀ ਅਜਿਹੀ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਬੇਨਜ਼ੀਰ ਭੁੱਟੋ ਨੇ ਵੀ ਪ੍ਰਧਾਨ ਮੰਤਰੀ ਹੋਣ ਦੌਰਾਨ ਦੂਸਰੇ ਬੇਟੇ ਨੂੰ ਜਨਮ ਦਿੱਤਾ ਸੀ।